ਅੰਮ੍ਰਿਤਸਰ: ਥਾਣਾ ਰਮਦਾਸ ਅਧੀਨ ਆਉਂਦੇ ਕਸਬਾ ਗੱਗੋਮਾਹਲ ਵਿਖੇ ਇੱਕ ਬੱਚੇ ਵੱਲੋਂ ਸ਼ਰਾਰਤ ਕਰਦੇ ਹੋਏ 14 ਸਾਲਾਂ ਬੱਚੇ ਦੀ ਢਿੱਡ ਵਿੱਚ ਹਵਾ ਭਰਨ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਵਿੱਚ ਕਥਿਤ ਦੋਸ਼ੀ ਬੱਚੇ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਬੱਚਾ ਅਨਮੋਲ 4-5 ਮਹੀਨੇ ਪਹਿਲਾਂ ਇੱਕ ਵੈਲਡਿੰਗ ਦੀ ਦੁਕਾਨ 'ਤੇ ਕੰਮ ਸਿੱਖਣ ਲਈ ਲਾਇਆ ਸੀ। ਸਵੇਰੇ ਜਦੋਂ ਉਹ ਕੰਮ 'ਤੇ ਗਿਆ ਤਾਂ ਨਾਲ ਸਥਿਤ ਇੱਕ ਟਾਇਰਾਂ ਦੀ ਦੁਕਾਨ 'ਤੇ ਕੰਮ ਕਰਦੇ ਬੱਚੇ ਨੇ ਸ਼ਰਾਰਤ ਕਰਦੇ ਹੋਏ ਫਿਲਟਰ ਸਾਫ ਕਰਨ ਵਾਲੀ ਹਵਾ ਭਰਨ ਵਾਲੀ ਮਸ਼ੀਨ ਦੀ ਨੋਜਲ ਨਾਲ ਅਨਮੋਲ ਦੇ ਪਖਾਨੇ ਵਾਲੀ ਥਾਂ 'ਤੇ ਹਵਾ ਭਰ ਦਿੱਤੀ, ਜੋ ਬੱਚੇ ਦੇ ਢਿੱਡ ਵਿੱਚ ਭਰ ਗਈ।
ਪਰਮਜੀਤ ਸਿੰਘ ਨੇ ਦੱਸਿਆ ਵੈਲਡਿੰਗ ਵਾਲੀ ਦੁਕਾਨ ਦੇ ਮਾਲਕ ਦੀ ਮਦਦ ਨਾਲ ਉਹ ਬੱਚੇ ਨੂੰ ਤੁਰੰਤ ਗੁਰੂ ਰਾਮਦਾਸ ਹਸਪਤਾਲ ਲੈ ਕੇ ਗਏ, ਪਰ ਇਥੇ ਬੱਚੇ ਦੀ ਮੌਤ ਹੋ ਗਈ।
ਮਾਮਲੇ ਸਬੰਧੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਬੱਚੇ ਅਨਮੋਲ ਦੀ ਮੌਤ ਢਿੱਡ ਵਿੱਚ ਹਵਾ ਭਰਨ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਬੱਚੇ ਦੇ ਪਿਤਾ ਦੇ ਬਿਆਨਾਂ 'ਤੇ ਟਾਇਰਾਂ ਦੀ ਦੁਕਾਨ 'ਤੇ ਕੰਮ ਕਰਦੇ ਮੁੰਡੇ ਸਵਰਨਪ੍ਰੀਤ ਸਿੰਘ 'ਤੇ ਧਾਰਾ 304 ਅਧੀਨ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।