ਜਗਬੇਰ: ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆਂ ਵਿੱਚ ਆਪਣੇ ਪੈਰ ਪਸਾਰ ਲਏ ਹਨ। ਲੱਖਾਂ ਦੀ ਤਦਾਦ ਵਿੱਚ ਲੋਕ ਇਸ ਦੀ ਚਪੇਟ ਵਿੱਚ ਆ ਗਏ ਹਨ। ਉੱਥੇ ਹੀ ਬੁਲਗਾਰੀਆ ਦੇ ਟੈਨਿਸ ਖਿਡਾਰੀ ਗਿਗੋਰ ਦਿਮੀਤ੍ਰੋਵ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਇੱਕ ਦਿਨ ਬਾਅਦ ਹੀ ਹੁਣ ਕ੍ਰੋਏਸ਼ੀਆ ਦੇ ਬਾਰਨਾ ਕੋਰਿਕ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਹਨ। ਦੋਵਾਂ ਖਿਡਾਰੀਆਂ ਨੇ ਪ੍ਰਦਰਸ਼ਨੀ ਟੂਰਨਾਮੈਂਟ 'ਚ ਹਿੱਸਾ ਲਿਆ ਸੀ।
ਇਸ ਟੂਰਨਾਮੈਂਟ ਤੋਂ ਇਲਾਵਾ ਨੋਵਾਕ ਜੋਕੋਵਿਕ, ਐਲਗਜ਼ੈਂਡਰ ਜਵੇਰੇਵ ਤੇ ਡੋਮੀਨਿਕ ਥਿਏਮ ਨੇ ਵੀ ਇਸ ਟੂਰਨਾਮੈਂਟ 'ਚ ਹਿੱਸਾ ਲਿਆ ਸੀ। ਕੋਰਿਕ ਨੇ ਸੋਮਵਾਰ ਨੂੰ ਟਵਿੱਟਰ 'ਤੇ ਕਿਹਾ, 'ਹੈਲੋ ਦੋਸਤੋ, ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਕੋਵਿਡ-19 ਪੌਜ਼ੀਟਿਵ ਪਾਇਆ ਗਿਆ ਹਾਂ। ਮੈਂ ਇਹ ਪੱਕਾ ਕਰਨਾ ਚਾਹੁੰਦਾ ਹਾਂ ਕਿ ਪਿਛਲੇ ਕੁਝ ਦਿਨਾਂ ਦੌਰਾਨ ਜੇ ਕੋਈ ਵੀ ਮੇਰੇ ਸੰਪਰਕ 'ਚ ਆਇਆ ਹੈ ਤਾਂ ਉਹ ਆਪਣੀ ਜਾਂਚ ਕਰਵਾ ਲਵੇ। ਉਨ੍ਹਾਂ ਕਿਹਾ ਕਿ ਮੇਰੇ ਕਾਰਨ ਕਿਸੇ ਨੂੰ ਨੁਕਸਾਨ ਹੋ ਸਕਦਾ ਤਾਂ ਅਸਲ 'ਚ ਮੈਨੂੰ ਇਸ ਲਈ ਖੇਦ ਹੈ। ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ ਤੇ ਮੇਰੇ 'ਚ ਕੋਈ ਲੱਛਣ ਨਹੀਂ ਹਨ। ਕ੍ਰਿਪਾ ਕਰ ਕੇ ਸੁਰੱਖਿਅਤ ਤੇ ਸਿਹਤਮੰਦ ਰਹੋ।