ਟੋਕਿਓ: 2020 ਟੋਕਿਓ ਓਲੰਪਿਕ ਨੂੰ ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਰੋਕ ਦਿੱਤਾ ਗਿਆ ਸੀ। ਪਰ ਹੁਣ ਟੋਕਿਓ ਓਲੰਪਿਕ ਅਗਲੇ ਸਾਲ 23 ਜੁਲਾਈ ਤੋਂ 8 ਅਗਸਤ 2021 ਤੱਕ ਖੇਡੀਆਂ ਜਾਣਗੀਆਂ। ਉੱਥੇ ਹੀ ਪੈਰਾਲੰਪਿਕ ਖੇਡਾਂ 24 ਅਗਸਤ ਤੋਂ 5 ਸਤੰਬਰ ਤੱਕ ਹੋਣਗੀਆਂ।
ਟੋਕਿਓ ਓਲੰਪਿਕ ਦੀਆਂ ਨਵੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਜੋ ਕਿ 24 ਜੁਲਾਈ ਤੋਂ ਅਗਸਤ 9, 2020 ਤੱਕ ਹੋਣੀਆਂ ਸਨ। ਕੌਮਾਂਤਰੀ ਓਲੰਪਿਕ ਕਮੇਟੀ ਅਤੇ ਲੋਕਲ ਪ੍ਰਬੰਧਕਾਂ ਦੀ ਸਹਿਮਤੀ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।
ਟੋਕਿਓ ਓਲੰਪਿਕ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਟਾਸਕ ਫ਼ੋਰਸ ਦੀ ਸਥਾਪਨਾ ਹੋਈ ਸੀ, ਜੋ ਕਿ ਦੇਰੀ ਦੇ ਕਾਰਨ 2020 ਟੋਕਿਓ ਓਲੰਪਿਕ ਲਈ ਬਣਾਈਆਂ ਯੋਜਨਾਵਾਂ ਨੂੰ 2021 ਦੀਆਂ ਓਲੰਪਿਕ ਲਈ ਵਰਤਣ ਦੀ ਕੋਸ਼ਿਸ਼ ਕਰੇਗੀ।
ਇਸੇ ਦੌਰਾਨ ਟੋਕਿਓ 2020 ਦੇ ਮੁਖੀ ਯੋਸ਼ੀਰੋ ਮੂਰੀ ਨੇ ਅੰਤਰ-ਰਾਸ਼ਟਰੀ ਫ਼ੈਡਰੇਸ਼ਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਓਲੰਪਿਕ ਖੇਡਾਂ ਦੇ ਮੁਲਤਵੀ ਹੋਣ ਤੋਂ ਬਾਅਦ ਆਉਣ ਵਾਲੇ ਵਾਧੂ ਖ਼ਰਚਿਆਂ ਨੂੰ ਕੌਣ ਪੂਰਾ ਕਰਦਾ ਹੈ, ਇਹ ਫ਼ੈਸਲਾ ਕਰਨਾ ਇੱਕ ਵੱਡੀ ਚੁਣੌਤੀ ਹੋਵੇਗੀ।
ਪਿਛਲੇ ਹਫ਼ਤੇ ਆਈਓਸੀ ਦੇ ਮੁਖੀ ਥਾਮਸ ਬੈਕ ਦੀ ਜਾਪਾਨ ਦੇ ਰਾਸ਼ਟਰਪਤੀ ਸ਼ਿੰਜੋ ਆਬੇ ਨਾਲ ਫ਼ੋਨ ਉੱਤੇ ਗੱਲ ਹੋਈ ਸੀ, ਜਿਸ ਤੋਂ ਬਾਅਦ ਆਈਓਸੀ ਮੁਖੀ ਅਤੇ ਪ੍ਰਬੰਧਕ ਕਮੇਟੀ ਨੇ ਟੋਕਿਓ ਓਲੰਪਿਕ 2020 ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ।
ਗਰਮੀਆਂ ਦੀਆਂ ਖੇਡਾਂ ਨੂੰ 1896 ਦੀਆਂ ਪਹਿਲੀਆਂ ਓਲੰਪਿਕ ਖੇਡਾਂ ਤੋਂ ਲੈ ਕੇ ਹੁਣ ਤੱਕ 31 ਵਾਰ ਓਲੰਪਿਕ ਖੇਡਾਂ ਹੋ ਚੁੱਕੀਆਂ ਹਨ, ਪਰ ਕਦੇ ਵੀ ਇੰਨ੍ਹਾਂ ਨੂੰ ਮੁਲਤਵੀ ਨਹੀਂ ਕੀਤਾ ਗਿਆ ਸੀ, ਹਾਲਾਂਕਿ ਇਨ੍ਹਾਂ ਨੂੰ ਜੰਗ ਦੇ ਕਾਰਨ 1916,1940 ਅਤੇ 1944 ਵਿੱਚ ਰੱਦ ਕਰ ਦਿੱਤਾ ਗਿਆ ਸੀ।
ਜਾਣਕਾਰੀ ਮੁਤਾਬਕ ਹੁਣ ਤੱਕ ਵਿਸ਼ਵੀ ਪੱਧਰ ਉੱਤੇ 7,25,000 ਲੋਕ ਇਸ ਨਾਲ ਪੀੜਤ ਹਨ ਅਤੇ ਲਗਭਗ 34,000 ਲੋਕਾਂ ਦੀ ਮੌਤ ਹੋ ਚੁੱਕੀ ਹੈ।