ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ 'ਚ ਆਪਣੇ ਪੈਰ ਪਸਾਰ ਲਏ ਹਨ, ਜਿਸ ਦੇ ਚਲਦੇ ਦੁਨੀਆਂ ਭਰ 'ਚ ਲੱਖਾਂ ਲੋਕ ਇਸ ਨਾਲ ਪੀੜਤ ਹਨ ਤੇ ਹਜ਼ਾਰਾਂ ਨੇ ਆਪਣੀ ਜਾਨ ਗਵਾਂ ਦਿੱਤੀ ਹੈ। ਹੁਣ ਟੋਕਿਓ ਓਲੰਪਿਕਸ 2020 ਜੋ ਕਿ 24 ਜੁਲਾਈ ਨੂੰ ਸ਼ੁਰੂ ਹੋਣ ਵਾਲੇ ਸਨ ਉਹ ਅਗਲੇ ਸਾਲ ਤੱਕ ਮੁਲਤਵੀ ਕਰ ਦਿੱਤੇ ਗਏ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਤੇ ਕੌਮਾਂਤਰੀ ਓਲੰਪਿਕ ਕਮੇਟੀ (IOC) ਦੇ ਚੇਅਰਮੈਨ ਥੌਮਸ ਬਾਕ ਮੰਗਲਵਾਰ ਨੂੰ ਖੇਡਾਂ ਮੁਲਤਵੀ ਕਰਨ ਲਈ ਸਹਿਮਤ ਹੋ ਗਏ ਹਨ।
ਟੋਕਿਓ ਲਈ ਵੱਡਾ ਝਟਕਾ
ਟੋਕਿਓ ਸ਼ਹਿਰ ਲਈ ਇਹ ਇੱਕ ਵੱਡਾ ਝਟਕਾ ਹੈ, ਜਿਸ ਦੀ ਹੁਣ ਤੱਕ ਓਲੰਪਿਕ ਖੇਡਾਂ ਦੀਆਂ ਤਿਆਰੀਆਂ ਲਈ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਖੇਡਾਂ ਲਈ ਸਟੇਡੀਅਮ ਬਹੁਤ ਪਹਿਲਾਂ ਤਿਆਰ ਸਨ ਅਤੇ ਵੱਡੀ ਗਿਣਤੀ ਵਿੱਚ ਟਿਕਟਾਂ ਵੀ ਵੇਚੀਆਂ ਗਈਆਂ ਸਨ। ਆਈਓਸੀ ਉੱਤੇ 24 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਖੇਡਾਂ ਨੂੰ ਮੁਲਤਵੀ ਕਰਨ ਦਾ ਦਬਾਅ ਵੱਧ ਰਿਹਾ ਸੀ ਕਿਉਂਕਿ ਕੋਵਿਡ -19 ਦੇ ਕਾਰਨ ਇੱਕ ਅਰਬ 70 ਕਰੋੜ ਲੋਕ ਸਾਰੇ ਵਿਸ਼ਵ ਦੇ ਘਰਾਂ ਵਿੱਚ ਬੰਦ ਹਨ।
ਕੋਰੋਨਾ ਵਾਇਰਸ ਨਾਲ ਲੱਖਾਂ ਲੋਕ ਪੀੜਤ
3,78,846 ਲੋਕ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨਾਲ ਪੀੜਤ ਹਨ। ਇਸਦੇ ਨਾਲ ਹੀ ਇਸ ਬਿਮਾਰੀ ਨੇ ਹੁਣ ਤੱਕ 16,510 ਲੋਕਾਂ ਦੀ ਜਾਨ ਲੈ ਲਈ ਹੈ। ਦੁਨੀਆ ਭਰ ਵਿੱਚ ਡੇਢ ਬਿਲੀਅਨ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ।