ਨਵੀਂ ਦਿੱਲੀ: ਖੇਡ ਮੰਤਰਾਲੇ ਨੇ ਸ਼ਨੀਵਾਰ ਨੂੰ ਭਾਰਤੀ ਕੋਚਾਂ ਦੁਆਰਾ ਐਥਲੀਟਾਂ ਨੂੰ ਸਿਖਲਾਈ ਦੇਣ 'ਤੇ 2 ਲੱਖ ਰੁਪਏ ਦੀ ਤਨਖਾਹ ਦੀ ਉਪਰਲੀ ਹੱਦ ਹਟਾਉਣ ਦਾ ਐਲਾਨ ਕੀਤਾ ਹੈ। ਇਹ ਘੋਸ਼ਣਾ ਵਧੀਆ ਨਤੀਜੇ ਸਾਹਮਣੇ ਆਉਣ ਅਤੇ ਸਾਬਕਾ ਖਿਡਾਰੀਆਂ ਨੂੰ ਉੱਚ ਪ੍ਰਦਰਸ਼ਨ ਦੇ ਕੋਚ ਬਣਨ ਲਈ ਉਤਸ਼ਾਹਤ ਕਰਨ ਲਈ ਕੀਤਾ ਗਿਆ ਹੈ।
ਖੇਡ ਮੰਤਰੀ ਕਿਰਨ ਰਿਜੀਜੂ ਨੇ ਇੱਕ ਬਿਆਨ ਵਿੱਚ ਕਿਹਾ ਕਿ, "ਬਹੁਤ ਸਾਰੇ ਭਾਰਤੀ ਕੋਚ ਬਹੁਤ ਚੰਗੇ ਨਤੀਜੇ ਪੇਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ 'ਤੇ ਇਨਾਮ ਦੀ ਲੋੜ ਹੈ।" ਸਰਕਾਰ ਦੇਸ਼ ਭਰ ਤੋਂ ਬਿਹਤਰੀਨ ਅਤੇ ਅਨੁਭਵੀ ਕੋਚਿੰਗ ਪ੍ਰਤਿਭਾਵਾਂ ਨੂੰ ਆਕਰਸ਼ਤ ਕਰਨ ਦੀ ਇੱਛੁਕ ਹੈ, ਰਿਜੀਜੂ ਦਾ ਕਹਿਣਾ ਹੈ ਕਿ ਕੁਲੀਨ ਅਥਲੀਟਾਂ ਨੂੰ ਸਿਖਲਾਈ ਦੇਣ ਲਈ ਅਸੀਂ ਨਹੀਂ ਚਾਹੁੰਦੇ ਕਿ ਕੋਚ ਦੇ ਉੱਪਰਲੀ ਤਨਖਾਹ ਦੀ ਹੱਦ ਕੋਈ ਰੁਕਾਵਟ ਬਣੇ।
ਮੰਤਰਾਲੇ ਨੇ ਜਾਰੀ ਕੀਤੇ ਬਿਆਨ 'ਚ ਕਿਹਾ ਹੈ ਕਿ ਸਾਬਕਾ ਤਜ਼ਰਬੇਕਾਰ ਅਥਲੀਟਾਂ ਨੂੰ ਖੇਡ ਪ੍ਰਣਾਲੀ ਵੱਲ ਖਿੱਚਣ ਲਈ, ਵੱਧ ਤੋਂ ਵੱਧ ਮਿਹਨਤਾਨਾ ਅਤੇ ਸਮਝੌਤੇ ਦੀ ਮਿਆਦ ਦੀ ਪੇਸ਼ਕਸ਼ ਕੀਤੀ ਜਾਵੇਗੀ। 2028 ਓਲੰਪਿਕ ਨੂੰ ਧਿਆਨ ਵਿੱਚ ਰੱਖਦੇ ਹੋਏ, ਖੇਡ ਮੰਤਰਾਲਾ ਕੋਵਿਡ-19 ਮਹਾਂਮਾਰੀ ਦੇ ਖ਼ਤਮ ਹੋਣ ਤੋਂ ਬਾਅਦ ਜ਼ਮੀਨੀ ਪੱਧਰ ਦੀ ਪ੍ਰਤਿਭਾ ਦੀ ਭਾਲ ਮੁੜ ਸ਼ੁਰੂ ਕਰੇਗਾ।
ਇਸ ਕਦਮ ਦਾ ਸਵਾਗਤ ਕਰਦਿਆਂ ਬੈਡਮਿੰਟਨ ਦੇ ਰਾਸ਼ਟਰੀ ਮੁੱਖ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ, "ਇਹ ਲੰਬੇ ਸਮੇਂ ਤੋਂ ਖੇਡ ਭਾਈਚਾਰੇ ਦੀ ਮੰਗ ਰਹੀ ਹੈ।" ਮੈਂ ਇਸ ਫੈਸਲੇ ਨਾਲ ਬਹੁਤ ਖੁਸ਼ ਹਾਂ ਕਿਉਂਕਿ ਇਹ ਬਹੁਤ ਸਾਰੇ ਕੋਚਾਂ ਅਤੇ ਸਾਬਕਾ ਦਿੱਗਜ ਅਥਲੀਟਾਂ ਨੂੰ ਇਸ ਪੇਸ਼ੇ 'ਚ ਸ਼ਾਮਲ ਹੋਣ ਲਈ ਉਤਸ਼ਾਹਤ ਕਰੇਗਾ। '
ਮੰਤਰਾਲੇ ਦੇ ਬਿਆਨ ਅਨੁਸਾਰ, ਸਾਰੇ ਨਵੇਂ ਕੋਚ ਅਤੇ ਮੌਜੂਦਾ ਕੋਚ ਜਿਨ੍ਹਾਂ ਨੂੰ ਨਵਾਂ ਇਕਰਾਰਨਾਮਾ ਦਿੱਤਾ ਗਿਆ ਹੈ, ਉਹ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਨੈਸ਼ਨਲ ਕੈਂਪ ਅਤੇ ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ (ਐਨਸੀਓਈ) 'ਚ ਸਿਖਲਾਈ ਪ੍ਰਦਾਨ ਕਰਨਗੇ। ਇਹ ਸਾਰੇ ਕੋਚ ਖੇਡ ਮੰਤਰਾਲੇ ਅਤੇ ਰਾਸ਼ਟਰੀ ਖੇਡ ਐਸੋਸੀਏਸ਼ਨਾਂ ਦੁਆਰਾ ਸਾਂਝੇ ਤੌਰ 'ਤੇ ਚੁਣੇ ਜਾਣਗੇ।