ਅਬੂ ਧਾਬੀ : ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਉਸ ਦੀ ਅਮਰੀਕੀ ਡਬਲਜ਼ ਜੋੜੀਦਾਰ ਬੇਥਾਨੀ ਮਾਟੇਕ-ਸੈਂਡਸ ਅਬੂ ਧਾਬੀ ਓਪਨ ਡਬਲਯੂਟੀਏ 500 ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਸਾਨੀਆ ਅਤੇ ਬੇਥਾਨੀ ਨੂੰ ਸੋਮਵਾਰ ਨੂੰ ਮਹਿਲਾ ਡਬਲਜ਼ ਦੇ ਪਹਿਲੇ ਦੌਰ 'ਚ ਬੈਲਜੀਅਮ-ਜਰਮਨ ਦੀ ਕਰਸਟਨ ਫਲਿੱਪਕੇਨਸ ਅਤੇ ਲੌਰਾ ਸਿਗਮੰਡ ਦੀ ਜੋੜੀ ਤੋਂ 3-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ 6 ਵਾਰ ਦੀ ਗ੍ਰੈਂਡ ਸਲੈਮ ਜੇਤੂ ਸਾਨੀਆ ਸੰਨਿਆਸ ਦੇ ਨੇੜੇ ਪਹੁੰਚ ਗਈ। ਉਸਨੇ 27 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਦੁਬਈ ਟੈਨਿਸ ਚੈਂਪੀਅਨਸ਼ਿਪ ਤੋਂ ਬਾਅਦ ਰੈਕੇਟ ਛੱਡਣ ਦਾ ਐਲਾਨ ਕੀਤਾ ਸੀ। ਜਿੱਥੇ ਉਹ ਮਹਿਲਾ ਡਬਲਜ਼ ਵਿੱਚ ਇੱਕ ਹੋਰ ਅਮਰੀਕੀ ਮੈਡੀਸਨ ਕੀਜ਼ ਨਾਲ ਸਾਂਝੇਦਾਰੀ ਕਰੇਗੀ।
ਪਿਛਲੇ ਮਹੀਨੇ, ਸਾਨੀਆ ਨੇ ਆਸਟਰੇਲੀਅਨ ਓਪਨ ਵਿੱਚ ਮਿਕਸਡ ਡਬਲਜ਼ ਉਪ ਜੇਤੂ ਦੇ ਰੂਪ ਵਿੱਚ ਆਪਣੇ ਸ਼ਾਨਦਾਰ ਗ੍ਰੈਂਡ ਸਲੈਮ ਕਰੀਅਰ ਦਾ ਅੰਤ ਕੀਤਾ। ਭਾਰਤੀ ਖਿਡਾਰਨ ਸਾਨੀਆ ਅਤੇ ਜੋੜੀਦਾਰ ਰੋਹਨ ਬੋਪੰਨਾ ਨੂੰ ਬ੍ਰਾਜ਼ੀਲ ਦੀ ਜੋੜੀ ਲੁਈਸਾ ਸਟੇਫਾਨੀ ਅਤੇ ਰਾਫੇਲ ਮਾਟੋਸ ਦੇ ਹੱਥੋਂ 7-6 (2), 6-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦਿਲਚਸਪ ਗੱਲ ਇਹ ਹੈ ਕਿ, ਸਾਨੀਆ ਨੇ 2009 ਵਿੱਚ ਮੈਲਬੋਰਨ ਪਾਰਕ ਵਿੱਚ ਆਪਣਾ ਪਹਿਲਾ ਮੇਜਰ ਜਿੱਤਿਆ ਸੀ ਜਦੋਂ ਉਸਨੇ ਮਹੇਸ਼ ਭੂਪਤੀ ਨਾਲ ਜੋੜੀ ਬਣਾਈ ਸੀ। ਉਸਨੇ ਆਪਣੇ ਸ਼ਾਨਦਾਰ ਗ੍ਰੈਂਡ ਸਲੈਮ ਕੈਰੀਅਰ ਦਾ ਅੰਤ ਉਸੇ ਸਥਾਨ 'ਤੇ ਕੀਤਾ।
2009 ਤੋਂ 2016 ਤੱਕ, ਸਾਨੀਆ ਮਿਰਜ਼ਾ ਨੇ 6 ਗ੍ਰੈਂਡ ਸਲੈਮ ਡਬਲਜ਼ ਖ਼ਿਤਾਬ ਜਿੱਤੇ, ਜਿਸ ਵਿੱਚ ਤਿੰਨ-ਤਿੰਨ ਮਹਿਲਾ ਡਬਲਜ਼ ਅਤੇ ਮਿਕਸਡ ਡਬਲਜ਼ ਸ਼ਾਮਲ ਹਨ। 2015 ਵਿੱਚ, ਉਹ ਮਹਿਲਾ ਡਬਲਜ਼ ਰੈਂਕਿੰਗ ਵਿੱਚ ਵਿਸ਼ਵ ਨੰਬਰ 1 ਵੀ ਬਣੀ। ਸਾਨੀਆ ਨੇ ਆਸਟ੍ਰੇਲੀਅਨ ਓਪਨ ਮਿਕਸਡ ਡਬਲਜ਼ ਫਾਈਨਲ ਤੋਂ ਬਾਅਦ ਕਿਹਾ, ''ਮੇਰੇ ਪੇਸ਼ੇਵਰ ਕਰੀਅਰ ਦਾ ਸਫਰ 2005 'ਚ ਮੈਲਬੋਰਨ 'ਚ ਸ਼ੁਰੂ ਹੋਇਆ ਸੀ ਜਦੋਂ ਮੈਂ 18 ਸਾਲ ਦੀ ਉਮਰ 'ਚ ਤੀਜੇ ਦੌਰ 'ਚ ਸੇਰੇਨਾ ਵਿਲੀਅਮਸ ਖ਼ਿਲਾਫ਼ ਖੇਡੀ ਸੀ। ਉਸ ਨੇ ਕਿਹਾ, 'ਮੈਨੂੰ ਇੱਥੇ ਵਾਰ-ਵਾਰ ਆਉਣ ਅਤੇ ਇੱਥੇ ਕੁਝ ਖਿਤਾਬ ਜਿੱਤਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੇਰੇ ਗ੍ਰੈਂਡ ਸਲੈਮ ਕਰੀਅਰ ਨੂੰ ਖਤਮ ਕਰਨ ਲਈ ਇਸ ਤੋਂ ਵਧੀਆ ਕੋਈ ਥਾਂ ਨਹੀਂ ਹੈ।
ਇਹ ਵੀ ਪੜੋ:- Women T20 World Cup 2023: ਜਾਣੋ ਮਹਿਲਾ ਟੀ-20 ਵਿਸ਼ਵ ਕੱਪ 'ਚ ਪਲੇਅਰ ਆਫ ਦਿ ਸੀਰੀਜ਼ ਲਈ ਚੁਣੇ ਖਿਡਾਰੀਆਂ ਦੀ ਸੂਚੀ