ਮਲੇਰਕੋਟਲਾ : ਤੁਸੀਂ ਦੰਗਲ ਫਿਲਮ ਤਾਂ ਸਭ ਨੇ ਦੇਖੀ ਹੋਣੀ ਹੈ, ਇਸ ਫਿਲਮ ਦੀ ਕਹਾਣੀ ਵਾਂਗ ਹੀ ਕਹਾਣੀ ਹੈ ਮਲੇਰਕੋਟਲਾ ਦੇ ਕਾਦਰ ਅਲੀ ਦੀ, ਜੋ ਪਹਿਲਾਂ ਆਪ ਕਦੇ ਕਬੱਡੀ ਦਾ ਵਧੀਆਂ ਖਿਡਾਰੀ ਸੀ ਤੇ ਫਿਰ ਉਸ ਦਾ ਲੜਕਾ ਦਿਲਵਰ ਖ਼ਾਨ ਜੋ ਵਿਦੇਸ਼ਾਂ ਵਿੱਚ ਆਪਣੀ ਕਬੱਡੀ ਦੀਆਂ ਧੂੰਮਾਂ ਪਾਉਂਦਾ ਰਿਹਾ ਹੈ। ਉਹ ਵਿਦੇਸ਼ਾਂ ਵਿੱਚ ਅੰਗਰੇਜਾਂ ਨੂੰ ਅਤੇ ਪਾਕਿਸਤਾਨ ਨੂੰ ਹਰਾ ਕੇ ਜਿੱਤਾਂ ਹਾਸਿਲ ਕਰਕੇ ਆਇਆ ਸੀ।
ਆਪਣੇ ਦਾਦੇ ਅਤੇ ਪਿਤਾ ਦੇ ਰਾਹ ਉੱਤੇ ਹੁਣ ਮੁਹੰਮਦ ਅਸਲਾਮ ਆਸ਼ੂ 22 ਕੁ ਸਾਲ ਦੀ ਛੋਟੀ ਉਮਰ ਵਿੱਚ ਹੀ ਵਿਸ਼ਵ ਕਬੱਡੀ ਕੱਪ ਖੇਡ ਰਿਹਾ ਹੈ। ਇਸ ਗਰੀਬ ਪਰਿਵਾਰ ਦੀ ਮਿਹਨਤ ਦੀਆਂ ਹਰ ਕੋਈ ਸਿਫ਼ਤਾਂ ਕਰ ਰਿਹਾ ਹੈ। ਲੋਕ ਘਰੇ ਆ ਕੇ ਪਰਿਵਾਰ ਨੂੰ ਮੁਬਾਰਕਬਾਦ ਦੇ ਰਹੇ ਹਨ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਮੁਹੰਮਦ ਆਸਲਮ ਆਸ਼ੂ ਦੇ ਦਾਦਾ ਕਾਦਰ ਅਲੀ ਨੇ ਕਬੱਡੀ ਦੇ ਕੁੱਝ ਗੁਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਅਸੀਂ ਬਚਪਨ ਤੋਂ ਹੀ ਕਬੱਡੀ ਖੇਡ ਰਹੇ ਹਾਂ, ਸਾਡਾ ਖਾਣਾ ਪੀਣਾ ਸਾਰਾ ਆਪਣੇ ਘਰ ਦਾ ਬਣਾਇਆ ਹੋਇਆ ਹੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਮੇਰਾ ਕੋਈ ਉਸਤਾਦ ਨਹੀਂ ਸੀ ਮੇਰੇ ਲੜਕੇ ਦਿਲਵਰ ਖ਼ਾਨ ਨੂੰ ਵੀ ਕਬੱਡੀ ਦੇ ਗੁਰ ਸਿਖਾਏ ਹਨ ਅਤੇ ਹੁਣ ਅਸੀਂ ਦੋਵੇਂ ਬਾਪ-ਪੁੱਤ ਦੋਵੇਂ ਮੁਹੰਮਦ ਆਸਲਮ ਆਸ਼ੂ ਨੂੰ ਕਬੱਡੀ ਸਿਖਾਉਂਦੇ ਹਾਂ। ਸਾਡੀ ਜੀਵਨ ਦੀ ਮਿਹਨਤ ਅੱਜ ਰੰਗ ਲਿਆਈ ਹੈ। ਅਸੀ ਸਭ ਬਹੁਤ ਖੁਸ਼ ਹਾਂ। ਉਨ੍ਹਾਂ ਦੱਸਿਆ ਕਿ ਸਾਡੇ ਪਰਿਵਾਰ ਵਿੱਚ ਕੋਈ ਵੀ ਨਸ਼ਾ ਨਹੀ ਕਰਦਾ।
ਮੁਹੰਮਦ ਆਸਲਮ ਆਸ਼ੂ ਦੀ ਮਾਤਾ ਨੇ ਕਿਹਾ ਕੇ ਅਸੀਂ ਬਹੁਤ ਜਿਆਦਾ ਖੁਸ਼ ਹਾਂ। ਉਨ੍ਹਾਂ ਮੰਗ ਕੀਤੀ ਕਿ ਜੇ ਸਰਕਾਰ ਮੇਰੇ ਪੁੱਤਰ ਨੂੰ ਸਰਕਾਰੀ ਨੌਕਰੀ ਦੇ ਦੇਵੇ ਤਾਂ ਅਸੀਂ ਬਹੁਤ ਹੀ ਸ਼ੁੱਕਰਗੁਜ਼ਾਰ ਹੋਵਾਂਗੇ। ਨਿਰਮਲ ਸਿੰਘ ਸਰਪੰਚ ਨੇ ਕਿਹਾ ਕੇ ਸਾਡਾ ਪਿੰਡ ਅਤੇ ਸਾਰਾ ਇਲਾਕਾ ਬਹੁਤ ਖੁਸ਼ ਹੈ ਕਿ ਇਸ ਪਰਿਵਾਰ ਨੇ ਸਾਡੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਦੀ ਮਾਲੀ ਮਦਦ ਕਰਨ ਦੇ ਨਾਲ-ਨਾਲ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਹੋਰ ਲੜਕੇ ਵੀ ਖੇਡਾਂ ਵੱਲ ਦਿਲ ਲਗਾਉਣ ਅਤੇ ਖੇਡ ਕੇ ਆਪਣੇ ਸੂਬੇ ਅਤੇ ਦੇਸ਼ ਦਾ ਨਾਂਅ ਰੌਂਸਨ ਕਰਨ।