ਹੈਦਰਾਬਾਦ: ਟੋਕੀਓ ਓਲੰਪਿਕ (Tokyo Olympics) 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਣ ਵਾਲੇ ਸੂਬੇਦਾਰ ਨੀਰਜ ਚੋਪੜਾ (Neeraj Chopra) ਨੂੰ 'ਪਰਮ ਵਿਸ਼ਿਸ਼ਟ ਸੇਵਾ ਮੈਡਲ' ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਇਹ ਸਨਮਾਨ 26 ਜਨਵਰੀ ਨੂੰ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਨੀਰਜ ਭਾਰਤੀ ਫੌਜ ਦੀ ਰਾਜਪੂਤਾਨਾ ਰਾਈਫਲਜ਼ ਵਿੱਚ ਤਾਇਨਾਤ ਹਨ। ਹੁਣ ਤੱਕ ਨੀਰਜ ਨੂੰ ਕਈ ਸਨਮਾਨ ਮਿਲ ਚੁੱਕੇ ਹਨ। ਨੀਰਜ ਟਰੈਕ ਅਤੇ ਫੀਲਡ ਈਵੈਂਟ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਐਥਲੀਟ ਹੈ। ਉਸਨੇ ਟੋਕੀਓ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ 87.58 ਮੀਟਰ ਦੂਰ ਜੈਵਲਿਨ ਸੁੱਟ ਕੇ ਤਮਗਾ ਜਿੱਤਿਆ ਸੀ। ਪਿਛਲੇ ਸਾਲ ਨਵੰਬਰ 'ਚ ਉਨ੍ਹਾਂ ਨੂੰ 'ਮੇਜਰ ਧਿਆਨ ਚੰਦ ਖੇਲ ਰਤਨ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਬਹਾਦਰੀ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਜਾਰੀ ਕੀਤੀ ਗਈ ਸੂਚੀ ਅਨੁਸਾਰ ਇਸ ਵਾਰ 384 ਲੋਕਾਂ ਨੂੰ ਬਹਾਦਰੀ ਪੁਰਸਕਾਰ ਦਿੱਤੇ ਜਾਣਗੇ। ਇਨ੍ਹਾਂ ਵਿੱਚੋਂ 12 ਨੂੰ ਸ਼ੌਰਿਆ ਚੱਕਰ, 29 ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਪਿਛਲੇ ਸਾਲ ਓਲੰਪਿਕ ਖੇਡਾਂ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਰਾਜਪੂਤਾਨਾ ਰਾਈਫਲਜ਼ ਦੇ ਨੀਰਜ ਚੋਪੜਾ ਵੀ ਵਿਸ਼ਿਸ਼ਟ ਸੇਵਾ ਮੈਡਲ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਹਨ।
ਇਸ ਤੋਂ ਇਲਾਵਾ ਇਸ ਸਾਲ ਚਾਰ ਉੱਤਮ ਯੁੱਧ ਸੇਵਾ ਮੈਡਲ, 53 ਅਤਿ ਵਿਸ਼ਿਸ਼ਟ ਸੇਵਾ ਮੈਡਲ, 13 ਯੁਧ ਸੇਵਾ ਮੈਡਲ ਅਤੇ 112 ਵਿਸ਼ਿਸ਼ਟ ਸੇਵਾ ਮੈਡਲ ਦਿੱਤੇ ਜਾਣਗੇ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਗਣਤੰਤਰ ਦਿਵਸ 'ਤੇ ਬਹਾਦਰੀ ਦਿਖਾਉਣ ਵਾਲੇ ਲੋਕਾਂ ਨੂੰ ਇਨ੍ਹਾਂ ਮੈਡਲਾਂ ਨਾਲ ਸਨਮਾਨਿਤ ਕਰਨਗੇ।
ਇਹ ਵੀ ਪੜ੍ਹੋ: IND vs SA : ਰੋਮਾਂਚਕ ਮੈਚ 'ਚ ਦੱਖਣੀ ਅਫਰੀਕਾ ਨੇ 4 ਦੌੜਾਂ ਨਾਲ ਜਿੱਤ ਕੀਤੀ ਦਰਜ