ਨਵੀਂ ਦਿੱਲੀ: ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਚਾਰ ਭਾਰਤੀ ਮੁੱਕੇਬਾਜ਼ਾਂ ਨੂੰ ਖੇਡ ਮੰਤਰਾਲੇ ਦੀ ਟਾਰਗੇਟ ਓਲੰਪਿਕ ਪੋਡਿਅਮ (ਟੋਪਸ) ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਜਾਣਕਾਰੀ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਸਾਂਝੀ ਕੀਤੀ ਗਈ ਹੈ।
ਇਨ੍ਹਾਂ ਮੁੱਕੇਬਾਜ਼ਾਂ ਵਿੱਚ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਦਾ ਤਗ਼ਮਾ ਜੇਤੂ ਸਿਮਰਨਜੀਤ ਕੌਰ (60 ਕਿਲੋਗ੍ਰਾਮ) ਅਤੇ ਏਸ਼ੀਅਨ ਤਗ਼ਮਾ ਜੇਤੂ ਪੂਜਾ ਰਾਣੀ (75 ਕਿਲੋਗ੍ਰਾਮ) ਸ਼ਾਮਿਲ ਹੈ। ਦੱਸਣਯੋਗ ਹੈ ਕਿ ਇਸ ਯੋਜਨਾ ਵਿੱਚ ਛੇ ਵਾਰ ਵਿਸ਼ਵ ਮੁੱਕੇਬਾਜੀ ਚੈਂਪਿਅਨਸ਼ਿਪ ਦਾ ਖਿਤਾਬ ਜਿੱਤਣ ਵਾਲੀ ਐਮ ਸੀ ਮੈਰੀਕੋਮ ਪਹਿਲਾਂ ਤੋਂ ਸ਼ਾਮਿਲ ਹੈ।
ਪੁਰਸ਼ ਮੁੱਕੇਬਾਜ਼ਾਂ ਵਿੱਚ ਏਸ਼ੀਅਨ ਚਾਂਦੀ ਦਾ ਤਗ਼ਮਾ ਜੇਤੂ ਅਸ਼ੀਸ਼ ਕੁਮਾਰ (75 ਕਿਲੋਗ੍ਰਾਮ) ਅਤੇ ਏਸ਼ੀਅਨ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਸਤੀਸ਼ ਕੁਮਾਰ (ਪਲੱਸ 91 ਕਿੱਲੋਗ੍ਰਾਮ) ਸ਼ਾਮਿਲ ਹੈ। ਇਸ ਵਿੱਚ ਪਹਿਲਾਂ ਹੀ ਅਮਿਤ ਪੰਗਲ (52 ਕਿਲੋਗ੍ਰਾਮ), ਮਨੀਸ਼ ਕੌਸ਼ਿਕ (63 ਕਿਲੋਗ੍ਰਾਮ) ਅਤੇ ਵਿਕਾਸ ਕ੍ਰਿਸ਼ਣਨ (69 ਕਿਲੋਗ੍ਰਾਮ) ਸ਼ਾਮਿਲ ਹਨ।
ਲਵਲੀਨਾ ਬੋਰਗੋਹੇਨ ਅਤੇ ਕਵਿੰਦਰ ਸਿੰਘ ਵੀ ਕੋਰ ਗਰੁੱਪ ਦਾ ਹਿੱਸਾ ਹਨ।
ਸਪੋਰਟਸ ਅਥਾਰਟੀ ਆਫ ਇੰਡੀਆ ਨੇ ਦੱਸਿਆ ਕਿ, "ਨਿਕਹਤ ਜ਼ਰੀਨ (51 ਕਿਲੋਗ੍ਰਾਮ), ਸੋਨੀਆ ਚਾਹਲ (57 ਕਿਲੋਗ੍ਰਾਮ) ਅਤੇ ਸ਼ਿਵਾ ਥਾਪਾ (63 ਕਿਲੋਗ੍ਰਾਮ) ਨੂੰ ਟਾਪਸ ਡਿਵੇਲਪਮੈਂਟਲ ਗਰੁੱਪ ਤੋਂ ਕੋਰ ਗਰੁੱਪ ਵਿੱਚ ਸ਼ਾਮਲ ਕੀਤਾ ਗਿਆ ਹੈ।"