ਅੰਮ੍ਰਿਤਸਰ : ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਵਾਲੀਬਾਲ ਫ਼ੈਡਰੇਸ਼ਨ ਆਫ਼ ਇੰਡੀਆ ਵਲੋਂ, ਪੰਜਾਬ ਸਰਕਾਰ ਅਤੇ ਖੇਡ ਵਿਭਾਗ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ-ਮੰਤਵੀ ਇੰਡੋਰ ਸਟੇਡੀਅਮ ਵਿਖੇ ਕਰਵਾਇਆ ਗਿਆ। ਇਸ ਦੌਰਾਨ ਮਹਿਲਾਂ ਪੁਰਸ਼ਾਂ ਦਾ ਪੰਜ ਰੋਜਾ 32ਵਾਂ ਫੈਡਰੇਸ਼ਨ ਕੱਪ ਸੰਪੰਨ ਹੋ ਗਿਆ, ਜਿਸ ਵਿੱਚ ਦੋਵਾਂ ਵਰਗਾਂ ਦਾ ਚੈਂਪੀਅਨ ਤਾਜ ਕੇਰਲਾ ਦੇ ਸਿਰ ਸੱਜਿਆ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਇਸ ਖੇਡ ਮੁਕਾਬਲੇ ਵਿੱਚ ਪੰਜਾਬ ਦੀਆਂ ਮੁਟਿਆਰਾਂ ਕੋਈ ਸਥਾਨ ਨਹੀਂ ਹਾਸਲ ਕਰ ਸਕੀਆਂ, ਉੱਥੇ ਹੀ ਪੰਜਾਬ ਦੇ ਗੱਭਰੂਆਂ ਨੂੰ ਆਂਧਰਾ ਪ੍ਰਦੇਸ਼ ਦੀ ਟੀਮ ਨਾਲ ਮੱਥਾ ਲਾ ਕੇ ਤੀਜੇ ਸਥਾਨ ਨਾਲ ਸਬਰ ਕਰਨਾ ਪਿਆ।
ਪੁਰਸ਼ ਵਰਗ ਦਾ ਫ਼ਾਇਨਲ ਮੁਕਾਬਲੇ ਵਿੱਚ ਕੇਰਲਾ ਦੀ ਟੀਮ ਨੇ ਆਪਣੀ ਵਿਰੋਧੀ ਟੀਮ ਤਾਮਿਲਨਾਡੂ ਨੂੰ 0-3 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਚੈਂਪੀਅਨ ਟ੍ਰਾਫ਼ੀ ਉੱਤੇ ਕਬਜ਼ਾ ਕੀਤਾ, ਜਦਕਿ ਤਾਮਿਲਨਾਡੂ ਦੀ ਟੀਮ ਪਹਿਲਾ ਰਨਰ-ਅੱਪ ਤੇ ਪੰਜਾਬ ਦੀ ਟੀਮ ਦੂਸਰਾ ਰਨਰ ਅੱਪ ਰਹੀ।
ਮਹਿਲਾਵਾਂ ਦੇ ਮੁਕਾਬਲੇ ਵਿੱਚ ਕੇਰਲਾ ਦੀ ਟੀਮ ਨੇ ਆਪਣੀ ਵਿਰੋਧੀ ਰੇਲਵੇ ਦੀ ਟੀਮ ਦੀ ਰੇਲ ਬਣਾਉਂਦੇ ਹੋਏ 0-3 ਅੰਕਾਂ ਦੇ ਫ਼ਰਕ ਨਾਲ ਚੈਂਪੀਅਨ ਟ੍ਰਾਫ਼ੀ ਉੱਤੇ ਕਬਜਾ ਕੀਤਾ।
ਜਦਕਿ ਮਹਿਲਾਵਾਂ ਦੀਆਂ ਕੁੱਲ ਪੰਜ ਟੀਮਾਂ ਵਿੱਚੋਂ ਅੰਕਾਂ ਦੇ ਆਧਾਰ ਉੱਤੇ ਮਹਾਂਰਾਸ਼ਟਰ ਦੀ ਟੀਮ ਨੂੰ ਦੂਸਰੇ ਰਨਰ-ਅੱਪ ਦਾ ਖ਼ਿਤਾਬ ਦਿੱਤਾ ਗਿਆ। ਇਸ ਮੌਕੇ ਇਨਾਮ ਜੇਤੂਆਂ ਨੂੰ ਇਨਾਮ ਤਕਸੀਮ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਜਸਪਾਲ ਸਿੰਘ ਸੰਧੂ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਆਪਣੇ ਕਰ-ਕਮਲਾਂ ਨਾਲ ਇਨਾਮਾਂ ਦੀ ਵੰਡ ਕੀਤੀ ਗਈ।
ਪੰਜਾਬ ਖੇਡ ਵਿਭਾਗ ਵੱਲੋਂ ਖਿਡਾਰੀਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 60,000/- ਰੁਪਏ, ਦੂਜੇ ਸਥਾਨ ਤੇ 40,000/- ਰੁਪਏ, ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਨੂੰ 30,000/- ਰੁਪਏ ਅਤੇ ਚੌਥਾ ਸਥਾਨ ਪ੍ਰਾਪਤ ਕਰਨ ਵਾਲੀ ਨੂੰ 20,000/- ਰੁਪਏ ਨਕਦ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ ਬੈਸਟ ਸੈਟਰ, ਬਲਾਕਰ, ਲਿਬਰੋ, ਸਮੈਸਰ, ਸਰਵਿਸਮੈਨ ਨੂੰ 5000-5000/- ਰੁਪਏ ਨਾਲ ਸਨਮਾਨਿਤ ਕੀਤਾ ਗਿਆ।