ਚੰਡੀਗੜ੍ਹ: ਹਰਿਆਣਾ ਵਿੱਚ ਅਜਿਹੇ ਸੂਰਮੇ ਪੈਦਾ ਹੋਏ ਹਨ, ਜਿਨ੍ਹਾਂ ਨੇ ਨਾ ਸਿਰਫ ਦੇਸ਼ ਵਿਚ ਬਲਕਿ ਪੂਰੀ ਦੁਨੀਆ ਵਿਚ ਆਪਣੇ ਹੁਨਰ ਦਾ ਸਿੱਕਾ ਚਲਾਇਆ ਹੈ। ਅਸੀਂ ਜਦੋਂ ਵੀ ਖੇਡਾਂ ਦੀ ਗੱਲ ਕਰਦੇ ਹਾਂ, ਹਰਿਆਣਵੀ ਖਿਡਾਰੀਆਂ ਦੀ ਜ਼ਰੂਰ ਚਰਚਾ ਹੁੰਦੀ ਹੈ। ਅਜਿਹਾ ਹੀ ਨਾਂਅ ਹੈ ਹਾਕੀ ਦੇ ਹੀਰੋ ਸਰਦਾਰ ਸਿੰਘ ਦਾ ਜਿਨ੍ਹਾਂ ਨੂੰ ਸਰਦਾਰਾ ਸਿੰਘ ਵਜੋਂ ਵੀ ਜਾਣਿਆ ਜਾਂਦਾ ਹੈ।
ਮੇਜਰ ਧਿਆਨਚੰਦ ਦੀ ਵਿਰਾਸਤ ਨੂੰ ਅੱਗੇ ਵਧਾਉਣ ਵਾਲੇ ਖਿਡਾਰੀਆਂ ਵਿੱਚ ਸਰਦਾਰ ਸਿੰਘ ਤੋਂ ਲੈ ਕੇ ਧਨਰਾਜ ਪਿੱਲੇ ਵਰਗੇ ਨਾਂਅ ਸ਼ਾਮਲ ਹਨ, ਪਰ ਭਾਰਤੀ ਟੀਮ ਦੇ ਸਭ ਤੋਂ ਨੌਜਵਾਨ ਕਪਤਾਨ ਸਰਦਾਰ ਸਿੰਘ ਨੇ ਦੇਸ਼ ਨੂੰ ਹਾਕੀ ਦੇ ਸੁਨਹਿਰੀ ਭਵਿੱਖ ਦਾ ਸੁਪਨਾ ਦਿਖਾਇਆ ਸੀ।
ਸਰਦਾਰ ਸਿੰਘ ਦੇ ਪਰਿਵਾਰ ਦਾ ਹਿੱਸਾ ਸੀ ਹਾਕੀ
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਦਾ ਜਨਮ 15 ਜੁਲਾਈ 1986 ਨੂੰ ਰਾਣੀਆ, ਹਰਿਆਣਾ ਵਿੱਚ ਹੋਇਆ ਸੀ। ਹਾਕੀ ਹਮੇਸ਼ਾ ਸਰਦਾਰ ਸਿੰਘ ਦੇ ਪਰਿਵਾਰ ਦਾ ਹਿੱਸਾ ਰਹੀ ਹੈ। ਉਨ੍ਹਾਂ ਦੇ ਵੱਡੇ ਭਰਾ ਦੀਦਾਰ ਸਿੰਘ ਵੀ ਭਾਰਤ ਲਈ ਖੇਡ ਚੁੱਕੇ ਹਨ। ਸਰਦਾਰ ਸਿੰਘ ਨੇ ਆਪਣੇ ਵੱਡੇ ਭਰਾ ਤੋਂ ਹਾਕੀ ਖੇਡਣਾ ਸਿੱਖਿਆ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਅੱਜ ਜੋ ਵੀ ਉਹ ਹਨ ਉਹ ਆਪਣੇ ਵੱਡੇ ਭਰਾ ਦੀ ਬਦੌਲਤ ਹੈ। ਉਨ੍ਹਾਂ ਦੇ ਪਿੰਡ ਵਿਚ ਹਾਕੀ ਦਾ ਕਾਫੀ ਸ਼ੌਂਕ ਹੈ ਜਿੱਥੇ ਹਰ ਰੋਜ਼ ਲਗਭਗ 150 ਨੌਜਵਾਨ ਖਿਡਾਰੀ ਖੇਡਦੇ ਹਨ। ਉਨ੍ਹਾਂ ਦੇ ਪਿੰਡ ਨੇ ਦੋ ਓਲੰਪਿਅਨ ਦਿੱਤੇ ਹਨ।
ਸਾਲ 2008 ਵਿੱਚ ਉਨ੍ਹਾਂ ਨੂੰ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਲਈ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਉਸ ਸਮੇਂ ਉਹ ਸਿਰਫ 22 ਸਾਲਾਂ ਦਾ ਸੀ। ਸਰਦਾਰ ਸਿੰਘ ਦਾ ਮੰਨਣਾ ਹੈ ਕਿ ਸਾਲ 2008 ਵਿਚ ਰਾਸ਼ਟਰੀ ਟੀਮ ਦਾ ਕਪਤਾਨ ਬਣਨਾ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਵਧੀਆ ਸਮਾਂ ਰਿਹਾ। ਸਰਦਾਰ ਸਿੰਘ ਓਲੰਪਿਕ ਵਿੱਚ ਦੋ ਵਾਰ ਭਾਰਤੀ ਟੀਮ ਵਿੱਚ ਸ਼ਾਮਲ ਹੋਏ ਹਨ।
ਸਰਦਾਰ ਸਿੰਘ ਦੀਆਂ ਪ੍ਰਾਪਤੀਆਂ
ਸਰਦਾਰ ਸਿੰਘ ਨੇ ਸਾਲ 2006 ਵਿਚ ਭਾਰਤ ਲਈ ਸੀਨੀਅਰ ਟੀਮ ਵਿਚ ਐਂਟਰੀ ਪਾਕਿਸਤਾਨ ਖਿਲਾਫ ਖੇਡਣ ਲਈ ਮਾਰੀ ਸੀ। ਉਸ ਸਮੇਂ ਤੋਂ, ਉਹ ਟੀਮ ਦੀ ਮੱਧ ਲਾਈਨ ਵਿਚ ਇਕ ਮਹੱਤਵਪੂਰਨ ਖਿਡਾਰੀ ਰਿਹਾ ਹੈ। 32 ਸਾਲਾ ਇਸ ਖਿਡਾਰੀ ਨੇ ਦੇਸ਼ ਲਈ 350 ਅੰਤਰਰਾਸ਼ਟਰੀ ਮੈਚ ਖੇਡੇ ਅਤੇ 2008 ਤੋਂ ਲੈ ਕੇ 2016 ਤੱਕ 8 ਸਾਲ ਕੌਮੀ ਟੀਮ ਦੀ ਕਪਤਾਨੀ ਵੀ ਕੀਤੀ।
ਸਰਦਾਰ ਸਿੰਘ ਨੇ ਦੇਸ਼ ਲਈ 350 ਮੈਚ ਖੇਡੇ ਹਨ। ਉਹ 2008 ਤੋਂ 2016 ਤੱਕ ਭਾਰਤੀ ਹਾਕੀ ਟੀਮ ਦਾ ਕਪਤਾਨ ਵੀ ਰਿਹਾ ਹੈ। ਉਨ੍ਹਾਂ ਨੂੰ ਪਦਮ ਸ਼੍ਰੀ, ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਅਤੇ ਅਰਜੁਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ।
ਸਾਲ 2018 ਵਿੱਚ ਲਿਆ ਸੰਨਿਆਸ
ਸਾਲ 2018 ਵਿੱਚ ਸਾਬਕਾ ਭਾਰਤੀ ਹਾਕੀ ਕਪਤਾਨ ਸਰਦਾਨ ਸਿੰਘ ਨੇ ਅੰਤਰਰਾਸ਼ਟਰੀ ਹਾਕੀ ਨੂੰ ਅਲਵਿਦਾ ਕਹਿ ਦਿੱਤਾ। ਲੰਬੇ ਸਮੇਂ ਤੋਂ ਭਾਰਤੀ ਹਾਕੀ ਟੀਮ ਵਿਚ ਮੁੱਖ ਖਿਡਾਰੀ ਰਹੇ ਸਰਦਾਰ ਸਿੰਘ ਕਾਫੀ ਸਮੇਂ ਤੋਂ ਲੈਅ ਵਿਚ ਨਹੀਂ ਸਨ।
ਆਪਣੇ ਸੰਨਿਆਸ ਦਾ ਐਲਾਨ ਕਰਦੇ ਹੋਏ ਸਰਦਾਰ ਸਿੰਘ ਨੇ ਕਿਹਾ, "ਹਾਂ, ਮੈਂ ਰਿਟਾਇਰ ਹੋਣ ਦਾ ਫੈਸਲਾ ਕੀਤਾ ਹੈ। ਆਪਣੇ ਕਰੀਅਰ ਵਿਚ ਮੈਂ ਲੰਬੇ ਸਮੇਂ ਤੋਂ ਹਾਕੀ ਖੇਡਦਾ ਰਿਹਾ। ਮੈਂ ਲਗਭਗ 12 ਸਾਲ ਹਾਕੀ ਖੇਡਿਆ, ਹੁਣ ਸਮਾਂ ਆ ਗਿਆ ਹੈ ਕਿ ਨਵੀਂ ਪੀੜ੍ਹੀ ਨੂੰ ਇਹ ਮੌਕਾ ਦਿੱਤਾ ਜਾਵੇ।"
ਪਿਆਰ ਵਿਚ ਦਰਦ ਮਿਲਿਆ ਪਰ ਸਰਦਾਰ ਹਾਰਿਆ ਨਹੀਂ
ਸਰਦਾਰ ਸਿੰਘ ਦੀ ਪ੍ਰੇਮ ਕਹਾਣੀ ਨੇ ਉਸ ਦੇ ਨਾਂਅ 'ਤੇ ਕਦੇ ਨਾ ਮਿਟਣ ਵਾਲਾ ਦਾਗ ਲਗਾ ਦਿੱਤਾ। ਉਨ੍ਹਾਂ ਨੂੰ ਇੰਨੇ ਜ਼ਖਮ ਮਿਲੇ ਜਿਸ ਤੋਂ ਉਹ ਸ਼ਾਇਦ ਅੱਜ ਤਕ ਨਹੀਂ ਉੱਭਰ ਪਾਇਆ। ਸਰਦਾਰ ਸਿੰਘ ਦੀ ਇਹ ਕਹਾਣੀ ਕਿਸੇ ਵੀ ਫਿਲਮ ਤੋਂ ਘੱਟ ਨਹੀਂ ਹੈ। ਸਰਦਾਰ ਸਿੰਘ ਨੂੰ ਫੇਸਬੁੱਕ ਉੱਤੇ ਇੱਕ ਕੁੜੀ ਨਾਲ ਪਿਆਰ ਹੋ ਗਿਆ। ਕੁੜੀ ਲੰਡਨ ਵਿਚ ਰਹਿੰਦੀ ਸੀ ਪਰ ਉਂਝ ਉਹ ਸਿਰਸਾ ਤੋਂ ਸੀ।
ਸਰਦਾਰ ਸਿੰਘ ਦਾ ਪਿਆਰ ਪਰਵਾਨ ਚੜ੍ਹਿਆ ਤੇ ਉਸ ਨੇ ਪਹਿਲੀ ਮੁਲਾਕਾਤ ਲਈ ਹਾਕੀ ਦੇ ਮੈਦਾਨ ਨੂੰ ਹੀ ਚੁਣਿਆ। ਹਾਲਾਂਕਿ ਉਸ ਦਿਨ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕੀ ਪਰ ਈਮੇਲ ਅਤੇ ਫੋਨ ਰਾਹੀਂ ਦੋਵਾਂ ਵਿਚਾਲੇ ਲੰਮੀ ਗੱਲਬਾਤ ਜਾਰੀ ਰਹੀ। ਮਹੀਨਿਆਂ ਬਾਅਦ ਸਰਦਾਰਾ ਸਿੰਘ ਨੇ ਲੰਡਨ ਜਾ ਕੇ ਕੁੜੀ ਨਾਲ ਗੱਲ ਕਰਨ ਦਾ ਫੈਸਲਾ ਕੀਤਾ। ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਉਨ੍ਹਾਂ ਦੀ ਮੰਗਣੀ ਹੋ ਗਈ।
ਸਭ ਕੁਝ ਠੀਕ ਚੱਲ ਰਿਹਾ ਸੀ ਫਿਰ ਸਾਲ 2016 ਵਿੱਚ ਅਚਾਨਕ ਖ਼ਬਰ ਆਈ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਸਰਦਾਰ ਸਿੰਘ ਉੱਤੇ ਬ੍ਰਿਟੇਨ ਦੀ ਇੱਕ ਮਹਿਲਾ ਨੇ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਾਇਆ ਹੈ। ਇਹ ਉਹੀ ਕੁੜੀ ਸੀ ਜਿਸ ਨੂੰ ਸਰਦਾਰਾ ਸਿੰਘ ਪਿਆਰ ਕਰਦਾ ਸੀ। ਹਾਲਾਂਕਿ ਸਰਦਾਰ ਸਿੰਘ ਉਸ ਕੁੜੀ ਦੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਗ਼ਲਤ ਠਹਿਰਾਉਂਦਾ ਰਿਹਾ।
ਇਸ ਸਾਰੀ ਘਟਨਾ ਤੋਂ ਬਾਅਦ, ਦੋਵਾਂ ਦਾ ਰਿਸ਼ਤਾ ਹਮੇਸ਼ਾ ਲਈ ਟੁੱਟ ਗਿਆ। ਫਿਰ ਸਰਦਾਰ ਸਿੰਘ ਨੇ ਆਪਣਾ ਧਿਆਨ ਖੇਡ ਵੱਲ ਕੇਂਦ੍ਰਤ ਕੀਤਾ ਅਤੇ 2016 ਓਲੰਪਿਕ ਵਿੱਚ ਦੇਸ਼ ਦੀ ਕਮਾਨ ਵੀ ਸੰਭਾਲੀ।
ਫਿਟਨੈਸ ਦੇ ਮਾਮਲੇ 'ਚ ਕੋਹਲੀ ਨੂੰ ਦਿੰਦੇ ਹਨ ਟੱਕਰ
ਸਰਦਾਰ ਸਿੰਘ ਨਾਂਅ ਉਨ੍ਹਾਂ ਭਾਰਤੀ ਖਿਡਾਰੀਆਂ ਵਿਚੋਂ ਇਕ ਹੈ ਜੋ ਬਹੁਤ ਫਿਟ ਹਨ। ਸਾਲ 2018 ਵਿੱਚ ਸਰਦਾਰ ਸਿੰਘ ਨੇ ਯੋ-ਯੋ ਟੈਸਟ ਵਿੱਚ ਭਾਰਤੀ ਕ੍ਰਿਕਟਰਾਂ ਤੋਂ ਵੱਧ ਗੋਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਸਰਦਾਰ ਨੇ ਯੋ-ਯੋ ਟੈਸਟ ਵਿਚ 21.4 ਅੰਕ ਹਾਸਲ ਕੀਤੇ ਸੀ। ਇਸ ਟੈਸਟ ਵਿਚ ਭਾਰਤੀ ਕ੍ਰਿਕਟ ਟੀਮ ਵਿਚ ਸਭ ਤੋਂ ਵਧੀਆ ਯੋ-ਯੋ ਅੰਕ ਹਾਸਲ ਕਰਨ ਵਾਲਾ ਕ੍ਰਿਕਟਰ ਮਨੀਸ਼ ਪਾਂਡੇ ਸੀ। ਪਾਂਡੇ ਦਾ ਸਕੋਰ 17.4 ਸੀ ਜਦ ਕਿ ਕੋਹਲੀ ਸਮੇਤ ਹੋਰ ਭਾਰਤੀ ਕ੍ਰਿਕਟਰ ਉਸ ਨਾਲੋਂ ਪਿੱਛੇ ਸਨ।
ਸਰਦਾਰ ਸਿੰਘ ਅੱਜ ਆਪਣੀ ਜ਼ਿੰਦਗੀ ਵਿਚ ਇਕ ਨਵੀਂ ਪਾਰੀ ਦੀ ਸ਼ੁਰੂਆਤ ਕਰ ਚੁੱਕੇ ਹਨ। ਰਿਟਾਇਰਮੈਂਟ ਤੋਂ ਬਾਅਦ ਉਹ ਬਤੌਰ ਸਲੈਕਟਰ ਹਾਕੀ ਇੰਡੀਆ ਨਾਲ ਜੁੜਿਆ ਹੋਇਆ ਹੈ। ਹਾਲਾਂਕਿ ਨਿੱਜੀ ਜ਼ਿੰਦਰੀ ਵਿੱਚ ਪਿਆਰ ਅਤੇ ਸਾਥੀ ਦੀ ਭਾਲ ਜਾਰੀ ਹੈ।