ਮੁੰਬਈ: ਲੋਕੀ ਫਰਗੂਸਨ (3/23) ਅਤੇ ਯਸ਼ ਦਿਆਲ (3/40) ਦੀ ਗੇਂਦਬਾਜ਼ੀ ਦੀ ਬਦੌਲਤ ਗੁਜਰਾਤ ਟਾਈਟਨਜ਼ ਨੇ ਵੀਰਵਾਰ ਨੂੰ ਡਾ.ਡੀ.ਵਾਈ ਪਾਟਿਲ ਸਪੋਰਟਸ ਅਕੈਡਮੀ 'ਚ ਖੇਡੇ ਗਏ ਆਈ.ਪੀ.ਐੱਲ. 2022 ਦੇ ਮੈਚ 'ਚ ਰਾਜਸਥਾਨ ਰਾਇਲਜ਼ ਨੂੰ 37 ਦੌੜਾਂ ਨਾਲ ਹਰਾ ਦਿੱਤਾ। ਗੁਜਰਾਤ ਨੇ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 192 ਦੌੜਾਂ ਬਣਾਈਆਂ ਸਨ।
ਆਰਆਰ ਟੀਮ ਲਈ ਜੋਸ ਬਟਲਰ ਨੇ ਅਰਧ ਸੈਂਕੜਾ ਜੜਦਿਆਂ 54 ਦੌੜਾਂ ਬਣਾਈਆਂ। ਇਸ ਦੇ ਨਾਲ ਹੀ IPL ਅੰਕ ਸੂਚੀ ਵਿੱਚ ਗੁਜਰਾਤ ਟਾਈਟਨਸ ਪਹਿਲੇ ਨੰਬਰ 'ਤੇ ਪਹੁੰਚ ਗਈ ਹੈ ਅਤੇ ਕੇਕੇਆਰ ਦੂਜੇ ਨੰਬਰ 'ਤੇ ਹੈ। ਗੁਜਰਾਤ ਦੇ 193 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਰਾਇਲਜ਼ ਦੀ ਸ਼ੁਰੂਆਤ ਚੰਗੀ ਰਹੀ। ਓਪਨਰ ਜੋਸ ਬਟਲਰ ਨੇ ਪਹਿਲੇ ਹੀ ਓਵਰ ਵਿੱਚ ਤਿੰਨ ਚੌਕੇ ਜੜੇ। ਇਸ ਦੇ ਨਾਲ ਹੀ ਦੇਵਦੱਤ ਪਡਿਕਲ ਵੀ ਉਨ੍ਹਾਂ ਦੇ ਨਾਲ ਕ੍ਰੀਜ਼ 'ਤੇ ਸਨ।
ਇਹ ਵੀ ਪੜੋ: IPL Points Table: ਸਿਰਫ਼ ਇੱਕ ਕਲਿੱਕ ਵਿੱਚ ਜਾਣੋ ਅੰਕ ਤਾਲਿਕਾ ਦੀ ਸਥਿਤੀ
ਦੂਜੇ ਓਵਰ 'ਚ ਗੇਂਦਬਾਜ਼ ਯਸ਼ ਨੇ ਰਾਜਸਥਾਨ ਦੀ ਟੀਮ ਨੂੰ ਜ਼ਬਰਦਸਤ ਝਟਕਾ ਦਿੱਤਾ, ਜਿਸ 'ਚ ਡੈਬਿਊ ਕਰਨ ਵਾਲੇ ਗੇਂਦਬਾਜ਼ ਯਸ਼ ਦਿਆਲ ਨੇ ਦੇਵਦੱਤ ਪਡਿਕਲ (0) ਨੂੰ ਗੁਜਰਾਤ ਲਈ ਪੈਵੇਲੀਅਨ ਭੇਜਿਆ। ਬੱਲੇਬਾਜ਼ ਦੇ ਆਊਟ ਹੋਣ ਤੋਂ ਬਾਅਦ ਆਲਰਾਊਂਡਰ ਅਸ਼ਵਿਨ ਨੇ ਬਟਲਰ ਦੇ ਨਾਲ ਬੱਲੇਬਾਜ਼ੀ ਦੀ ਕਮਾਨ ਸੰਭਾਲੀ। ਦੂਜੇ ਪਾਸੇ ਜੋਸ ਬਟਲਰ ਨੇ ਯਸ਼ ਦਿਆਲ ਦੇ ਦੂਜੇ ਓਵਰ ਵਿੱਚ ਤਿੰਨ ਚੌਕੇ ਅਤੇ ਇੱਕ ਛੱਕਾ ਜੜਿਆ ਅਤੇ ਓਵਰ ਵਿੱਚ ਕੁੱਲ 18 ਦੌੜਾਂ ਬਣਾਈਆਂ।
ਚਾਰ ਓਵਰਾਂ ਮਗਰੋਂ ਰਾਜਸਥਾਨ ਦਾ ਸਕੋਰ ਇੱਕ ਵਿਕਟ ’ਤੇ 49 ਦੌੜਾਂ ਸੀ। ਰਾਜਸਥਾਨ ਨੇ ਆਪਣਾ ਦੂਜਾ ਵਿਕਟ ਅਸ਼ਵਿਨ ਦੇ ਰੂਪ ਵਿੱਚ ਗਵਾਇਆ। ਅਸ਼ਵਿਨ ਨੂੰ ਤੀਜੇ ਨੰਬਰ 'ਤੇ ਬੱਲੇਬਾਜ਼ੀ ਲਈ ਭੇਜਿਆ ਗਿਆ ਸੀ, ਪਰ ਉਹ ਅੱਠ ਦੌੜਾਂ ਬਣਾ ਕੇ ਫਰਗੂਸਨ ਨੇ ਆਊਟ ਹੋ ਗਿਆ।
ਇੱਕ ਪਾਸੇ ਟੀਮ ਦੀਆਂ ਵਿਕਟਾਂ ਡਿੱਗ ਰਹੀਆਂ ਸਨ ਤਾਂ ਦੂਜੇ ਪਾਸੇ ਜੋਸ ਬਟਲਰ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 23 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ। ਜੋਸ ਬਟਲਰ ਅਰਧ ਸੈਂਕੜਾ ਬਣਾਉਣ ਤੋਂ ਬਾਅਦ ਅਗਲੀ ਹੀ ਗੇਂਦ 'ਤੇ ਆਊਟ ਹੋ ਗਿਆ। ਲਾਕੀ ਫਰਗੂਸਨ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਦੋ ਵਿਕਟਾਂ ਲਈਆਂ। ਉਸ ਨੇ ਪਹਿਲਾਂ ਅਸ਼ਵਿਨ ਨੂੰ ਆਊਟ ਕੀਤਾ ਅਤੇ ਫਿਰ ਆਖਰੀ ਗੇਂਦ 'ਤੇ ਬਟਲਰ (54) ਨੂੰ ਕਲੀਨ ਬੋਲਡ ਕੀਤਾ।
ਉਸ ਦੇ ਆਊਟ ਹੋਣ ਤੋਂ ਬਾਅਦ ਸੰਜੂ ਸੈਮਸਨ ਨੇ ਟੀਮ ਦੀ ਪਾਰੀ ਸੰਭਾਲੀ। ਹਾਲਾਂਕਿ ਰਾਜਸਥਾਨ ਨੇ ਆਪਣਾ ਚੌਥਾ ਵਿਕਟ ਕਪਤਾਨ ਸੰਜੂ ਸੈਮਸਨ ਦੇ ਰੂਪ ਵਿੱਚ ਗਵਾਇਆ। ਸੈਮਸਨ (11) ਦੌੜ ਲੈਣਾ ਚਾਹੁੰਦਾ ਸੀ ਪਰ ਹਾਰਦਿਕ ਦੇ ਤੇਜ਼ ਅਤੇ ਸਟੀਕ ਥਰੋਅ ਨੇ ਉਸ ਨੂੰ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ। ਉਸ ਤੋਂ ਬਾਅਦ ਸ਼ਿਮਰੋਨ ਹੇਟਮਾਇਰ ਨੇ ਰਾਸੀ ਵੈਨ ਡੇਰ ਡੁਸਨ ਨਾਲ ਇੱਕ ਵੱਡੀ ਸਾਂਝੇਦਾਰੀ ਬਣਾਉਣ ਦੀ ਕੋਸ਼ਿਸ਼ ਜਾਰੀ ਰੱਖੀ।
ਤੀਜੇ ਓਵਰ ਲਈ ਆਏ ਯਸ਼ ਦਿਆਲ ਨੇ ਇਕ ਹੋਰ ਵਿਕਟ ਆਪਣੇ ਨਾਂ ਕਰ ਲਈ। ਉਸ ਨੇ ਰਾਸੀ ਵਾਨ ਡਾਰ ਡੁਸੇਨ (6) ਨੂੰ ਓਵਰ ਦੀ ਤੀਜੀ ਗੇਂਦ 'ਤੇ ਮੈਥਿਊ ਵੇਡ ਹੱਥੋਂ ਕੈਚ ਕਰਵਾਇਆ। ਦਿਆਲ ਦੇ ਓਵਰ ਵਿੱਚ ਸਿਰਫ਼ ਪੰਜ ਦੌੜਾਂ ਆਈਆਂ। ਹੁਣ ਧਮਾਕੇਦਾਰ ਬੱਲੇਬਾਜ਼ ਰਿਆਨ ਪਰਾਗ ਕ੍ਰੀਜ਼ 'ਤੇ ਆਏ। ਰਾਜਸਥਾਨ ਰਾਇਲਜ਼ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਸਨ। ਟੀਮ ਨੇ ਸ਼ਿਮਰੋਨ ਹੇਟਮਾਇਰ (29) ਦਾ ਵਿਕਟ ਗੁਆ ਦਿੱਤਾ, ਜਿਸ ਦੇ ਕ੍ਰੀਜ਼ 'ਤੇ ਰਹਿਣ ਨਾਲ ਟੀਮ ਨੂੰ ਜਿੱਤ ਦੀ ਉਮੀਦ ਕੀਤੀ ਜਾ ਸਕਦੀ ਸੀ।
ਮੁਹੰਮਦ ਸ਼ਮੀ ਨੇ ਆਪਣੇ ਤੀਜੇ ਓਵਰ ਵਿੱਚ ਬੱਲੇਬਾਜ਼ ਨੂੰ ਰਾਹੁਲ ਟੀਓਟੀਆ ਹੱਥੋਂ ਕੈਚ ਕਰਵਾ ਦਿੱਤਾ। ਹਾਲਾਂਕਿ ਦੂਜੇ ਪਾਸੇ ਪਰਾਗ ਕ੍ਰੀਜ਼ 'ਤੇ ਡਟੇ ਰਹੇ। ਰਾਜਸਥਾਨ ਨੇ 13 ਓਵਰ ਖੇਡਦੇ ਹੋਏ ਛੇ ਵਿਕਟਾਂ ਦੇ ਨੁਕਸਾਨ 'ਤੇ 117 ਦੌੜਾਂ ਬਣਾਈਆਂ ਸਨ।
ਇਸ ਦੌਰਾਨ ਰਾਜਸਥਾਨ ਨੇ ਆਪਣਾ ਸੱਤਵਾਂ ਵਿਕਟ ਵੀ ਗੁਆ ਦਿੱਤਾ। ਲੋਕੀ ਫਰਗੂਸਨ ਨੇ ਰਿਆਨ ਪਰਾਗ ਨੂੰ ਫੁੱਲ ਟਾਸ ਦੀ ਗੇਂਦ 'ਤੇ ਗਿੱਲ ਹੱਥੋਂ ਕੈਚ ਕਰਵਾਇਆ। ਪਰਾਗ 16 ਗੇਂਦਾਂ ਵਿੱਚ 18 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਹਾਰਦਿਕ ਪੰਡਯਾ ਨੇ ਪਾਰੀ 'ਚ ਦੋ ਓਵਰ ਸੁੱਟੇ, ਜਿਸ 'ਚ ਉਸ ਨੇ ਪਹਿਲੇ ਓਵਰ 'ਚ ਸੱਤ ਦੌੜਾਂ ਦਿੱਤੀਆਂ ਪਰ ਦੂਜੇ ਓਵਰ 'ਚ ਉਸ ਨੇ ਇਕ ਵਿਕਟ ਲਈ। ਹਾਲਾਂਕਿ ਪੰਡਯਾ ਨੇ ਆਪਣੇ ਬੱਲੇ ਨਾਲ 87 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਇਹ ਵੀ ਪੜੋ: IPL 2022: ਤਿਲਕ ਅਤੇ ਪੋਲਾਰਡ ਦੇ ਰਨ ਆਊਟ ਨੇ ਪੰਜਾਬ ਨੂੰ ਮੁੰਬਈ 'ਤੇ ਜਿੱਤ ਦਿਵਾਈ
ਯਸ਼ ਨੇ ਆਖਰੀ ਓਵਰ ਵਿੱਚ ਇੱਕ ਹੋਰ ਵਿਕਟ ਲਈ, ਜਿਸ ਵਿੱਚ ਉਨ੍ਹਾਂ ਨੇ ਯੁਜਵੇਂਦਰ ਚਾਹਲ (5) ਨੂੰ ਸ਼ੰਕਰ ਹੱਥੋਂ ਕੈਚ ਕਰਵਾਇਆ। ਸ਼ਾਨਦਾਰ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੀ ਬਦੌਲਤ ਟੀਮ ਨੇ ਰਾਜਸਥਾਨ ਰਾਇਲਜ਼ ਨੂੰ 20 ਓਵਰਾਂ 'ਚ 9 ਵਿਕਟਾਂ 'ਤੇ 155 ਦੌੜਾਂ 'ਤੇ ਰੋਕ ਦਿੱਤਾ ਅਤੇ ਮੈਚ 37 ਦੌੜਾਂ ਨਾਲ ਜਿੱਤ ਲਿਆ।