ਮੁੰਬਈ: IPL 2022 ਦੇ 37ਵੇਂ ਮੈਚ ਵਿੱਚ ਲਖਨਊ ਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ ਹਰਾਇਆ। ਮੈਚ ਵਿੱਚ ਐਲਐਸਜੀ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਇੰਡੀਅਨਜ਼ ਨੂੰ ਜਿੱਤ ਲਈ 169 ਦੌੜਾਂ ਦਾ ਟੀਚਾ ਦਿੱਤਾ। ਮੈਚ 'ਚ ਮੁੰਬਈ ਦੀ ਟੀਮ 8 ਵਿਕਟਾਂ 'ਤੇ 132 ਦੌੜਾਂ ਹੀ ਬਣਾ ਸਕੀ ਅਤੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਮੁੰਬਈ ਦੀ ਇਹ ਲਗਾਤਾਰ 8ਵੀਂ ਹਾਰ ਹੈ। ਮੁੰਬਈ ਦੀ ਤਰਫੋਂ ਕਪਤਾਨ ਰੋਹਿਤ ਸ਼ਰਮਾ ਨੇ 39 ਦੌੜਾਂ ਬਣਾਈਆਂ ਅਤੇ ਸਭ ਤੋਂ ਵੱਧ ਸਕੋਰਰ ਰਹੇ। ਪਰ ਉਹ ਫਿਰ ਜਿੱਤ ਦੀ ਪਾਰੀ ਖੇਡਣ ਵਿੱਚ ਅਸਫਲ ਸਾਬਤ ਹੋਏ। ਸਭ ਤੋਂ ਵੱਡਾ ਝਟਕਾ ਈਸ਼ਾਨ ਕਿਸ਼ਨ ਨੂੰ ਲੱਗਾ ਜੋ ਫਿਰ ਫਲਾਪ ਹੋ ਗਿਆ ਜਦੋਂ ਕਿ ਉਸ ਦੀ ਬੋਲੀ 15 ਕਰੋੜ ਸੀ।
ਹਾਰ-ਜਿੱਤ ਦਾ ਪੂਰਾ ਲੇਖਾ-ਜੋਖਾ: ਕੇਐਲ ਰਾਹੁਲ (103) ਦੀ ਸ਼ਾਨਦਾਰ ਬੱਲੇਬਾਜ਼ੀ ਅਤੇ ਕਰੁਣਾਲ ਪੰਡਯਾ (3/19) ਦੀ ਗੇਂਦਬਾਜ਼ੀ ਦੀ ਬਦੌਲਤ ਲਖਨਊ ਸੁਪਰ ਜਾਇੰਟਸ (ਐਲਐਸਜੀ) ਨੇ ਇੱਥੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ ਮੈਚ ਵਿੱਚ ਮੁੰਬਈ ਇੰਡੀਅਨਜ਼ (MI) ਨੂੰ 36 ਦੌੜਾਂ ਨਾਲ ਹਰਾਇਆ। ਲਖਨਊ ਨੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 168 ਦੌੜਾਂ ਬਣਾਈਆਂ ਸਨ। ਮੁੰਬਈ ਲਈ ਤਿਲਕ ਵਰਮਾ ਅਤੇ ਕੀਰੋਨ ਪੋਲਾਰਡ ਵਿਚਾਲੇ 57 ਦੌੜਾਂ ਦੀ ਸਾਂਝੇਦਾਰੀ ਹੋਈ। 169 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਸ਼ੁਰੂਆਤ ਚੰਗੀ ਰਹੀ। ਕਪਤਾਨ ਰੋਹਿਤ ਸ਼ਰਮਾ ਨੇ ਈਸ਼ਾਨ ਕਿਸ਼ਨ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਲਖਨਊ ਲਈ ਪਹਿਲਾ ਓਵਰ ਮੋਹਸਿਨ ਖਾਨ ਨੇ ਕੀਤਾ ਅਤੇ ਉਸ ਨੇ ਇਸ ਓਵਰ ਵਿੱਚ 11 ਦੌੜਾਂ ਦਿੱਤੀਆਂ।
ਪਾਵਰ ਪਲੇ ਦਾ ਵਿਸ਼ਲੇਸ਼ਣ: ਇਸ ਦੇ ਨਾਲ ਹੀ ਪਾਵਰ ਪਲੇ ਦੀ ਗੱਲ ਕਰੀਏ ਤਾਂ ਟੀਮ ਨੇ 6 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 43 ਦੌੜਾਂ ਬਣਾਈਆਂ। ਹਾਲਾਂਕਿ ਇਸ ਦੌਰਾਨ ਕਿਸ਼ਨ ਆਪਣੇ ਧੀਮੇ ਅੰਦਾਜ਼ 'ਚ ਨਜ਼ਰ ਆਏ ਅਤੇ ਸ਼ਰਮਾ ਵਧੀਆ ਬੱਲੇਬਾਜ਼ੀ ਕਰ ਰਹੇ ਸਨ। ਗੇਂਦਬਾਜ਼ ਰਵੀ ਬਿਸ਼ਨੋਈ ਨੇ ਕਿਸ਼ਨ ਦੇ ਰੂਪ 'ਚ ਮੁੰਬਈ ਨੂੰ ਪਹਿਲਾ ਝਟਕਾ ਦਿੱਤਾ। ਗੇਂਦਬਾਜ਼ ਨੇ ਆਪਣੇ ਪਹਿਲੇ ਓਵਰ ਵਿੱਚ ਪੰਜ ਦੌੜਾਂ ਦੇ ਕੇ ਇੱਕ ਵਿਕਟ ਲਈ। ਕਿਸ਼ਨ ਦੇ ਆਊਟ ਹੋਣ ਤੋਂ ਬਾਅਦ ਬ੍ਰੇਵਿਸ ਕ੍ਰੀਜ਼ 'ਤੇ ਆਏ। ਉਸ ਨੇ ਸ਼ਰਮਾ ਦੇ ਨਾਲ ਪਾਰੀ ਦੀ ਅਗਵਾਈ ਕੀਤੀ। ਹਾਲਾਂਕਿ, ਬ੍ਰੇਵਿਸ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਿਆ।
ਇਕ ਹੋਰ ਗੇਂਦਬਾਜ਼ ਮੋਹਸਿਨ ਖਾਨ ਨੇ ਬ੍ਰੇਵਿਸ ਨੂੰ ਚਮੀਰਾ ਦੇ ਹੱਥੋਂ ਕੈਚ ਕਰਵਾ ਕੇ ਮੁੰਬਈ ਨੂੰ ਇਕ ਹੋਰ ਝਟਕਾ ਦਿੱਤਾ। ਬ੍ਰੇਵਿਸ 5 ਗੇਂਦਾਂ ਵਿੱਚ 3 ਦੌੜਾਂ ਬਣਾ ਕੇ ਆਊਟ ਹੋ ਗਿਆ। ਨੌਂ ਓਵਰਾਂ ਮਗਰੋਂ ਮੁੰਬਈ ਇੰਡੀਅਨਜ਼ ਦਾ ਸਕੋਰ ਦੋ ਵਿਕਟਾਂ ’ਤੇ 56 ਦੌੜਾਂ ਸੀ। ਉਸ ਤੋਂ ਬਾਅਦ ਸੂਰਿਆ ਕੁਮਾਰ ਯਾਦਵ ਕ੍ਰੀਜ਼ 'ਤੇ ਆਏ। 59 ਦੇ ਸਕੋਰ 'ਤੇ ਮੁੰਬਈ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ, ਜਿਸ 'ਚ ਕਰੁਣਾਲ ਪੰਡਯਾ ਨੇ ਸ਼ਰਮਾ ਨੂੰ ਕ੍ਰਿਸ਼ਨੱਪਾ ਗੌਤਮ ਹੱਥੋਂ ਕੈਚ ਕਰਵਾ ਦਿੱਤਾ। ਇਸ ਦੌਰਾਨ ਸ਼ਰਮਾ ਨੇ ਆਪਣੀ ਪਿਛਲੀ ਪਾਰੀ ਤੋਂ ਚੰਗਾ ਖੇਡਿਆ ਅਤੇ 31 ਗੇਂਦਾਂ ਵਿੱਚ 39 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਤਿਲਕ ਵਰਮਾ ਨੇ ਪਾਰੀ ਨੂੰ ਸੰਭਾਲਿਆ।
MI ਲਈ ਮੁਸ਼ਕਲ ਰਾਹ: ਮੁੰਬਈ ਇੰਡੀਅਨਜ਼ ਇੱਕ ਵਾਰ ਫਿਰ ਮੁਸੀਬਤ ਵਿੱਚ ਰਹੀ। ਟੀਮ ਨੇ ਆਪਣੇ ਚੋਟੀ ਦੇ ਚਾਰ ਵੱਡੇ ਖਿਡਾਰੀਆਂ ਦੇ ਵਿਕਟ ਗੁਆ ਦਿੱਤੇ। ਆਯੂਸ਼ ਬਡੋਨੀ ਨੇ ਆਪਣੇ ਪਹਿਲੇ ਓਵਰ ਦੀ ਦੂਜੀ ਗੇਂਦ 'ਤੇ ਸੂਰਿਆਕੁਮਾਰ ਯਾਦਵ (7) ਨੂੰ ਕੇਐੱਲ ਰਾਹੁਲ ਹੱਥੋਂ ਕੈਚ ਕਰਵਾਇਆ। ਉਸ ਤੋਂ ਬਾਅਦ ਕੀਰੋਨ ਪੋਲਾਰਡ ਕ੍ਰੀਜ਼ 'ਤੇ ਆਏ। ਤਿਲਕ ਵਰਮਾ ਨੇ ਰਵੀ ਬਿਸ਼ਨੋਈ ਦੇ ਤੀਜੇ ਓਵਰ ਵਿੱਚ 2 ਛੱਕੇ ਜੜੇ ਅਤੇ ਕੁੱਲ 16 ਦੌੜਾਂ ਬਣਾਈਆਂ। ਵਰਮਾ ਨੇ ਪਾਰੀ ਦੀ ਸ਼ੁਰੂਆਤ ਚੰਗੀ ਕੀਤੀ, ਪਰ ਹੋਲਡਰ ਨਾਲ ਇਹ ਸਾਂਝੇਦਾਰੀ ਚੰਗੀ ਨਹੀਂ ਚੱਲ ਸਕੀ ਅਤੇ ਆਪਣੇ ਆਖਰੀ ਓਵਰ ਦੀ ਪੰਜਵੀਂ ਗੇਂਦ 'ਤੇ ਤਿਲਕ ਵਰਮਾ ਨੂੰ ਕੈਚ ਦੇ ਦਿੱਤਾ। ਇਸ ਦੌਰਾਨ ਵਰਮਾ ਨੇ 27 ਗੇਂਦਾਂ 'ਚ 2 ਛੱਕਿਆਂ ਅਤੇ 2 ਚੌਕਿਆਂ ਦੀ ਮਦਦ ਨਾਲ 38 ਦੌੜਾਂ ਬਣਾਈਆਂ। ਵਰਮਾ ਦੇ ਆਊਟ ਹੋਣ ਤੋਂ ਬਾਅਦ ਡੇਨੀਅਲ ਸੈਮਸ ਕ੍ਰੀਜ਼ 'ਤੇ ਆਏ।
ਕਰੁਣਾਲ ਪੰਡਯਾ ਨੇ ਲਖਨਊ ਲਈ ਆਖਰੀ ਓਵਰ ਕੀਤਾ ਜਦੋਂ ਮੁੰਬਈ ਦੀ ਟੀਮ ਨੂੰ ਜਿੱਤ ਲਈ 38 ਦੌੜਾਂ ਦੀ ਲੋੜ ਸੀ। ਇਸ ਦੌਰਾਨ ਕਰੁਣਾਲ ਪੰਡਯਾ ਨੇ ਆਖਰੀ ਓਵਰ ਵਿੱਚ 2 ਵਿਕਟਾਂ ਲਈਆਂ ਅਤੇ ਇੱਕ ਰਨ ਆਊਟ ਹੋਇਆ। ਉਸ ਨੇ ਪਹਿਲੀ ਵਿਕਟ ਲਈ ਪੋਲਾਰਡ ਦੇ ਰੂਪ 'ਚ ਲਈ ਸੀ। ਪੋਲਾਰਡ ਨੂੰ ਦੀਪਕ ਹੁੱਡਾ ਨੇ ਕੈਚ ਕੀਤਾ ਸੀ। ਇਸ ਦੇ ਨਾਲ ਹੀ ਦੂਜਾ ਵਿਕਟ ਜੈਦੇਵ ਉਨਾਦਕਟ ਦੇ ਰੂਪ ਵਿੱਚ ਰਨ ਆਊਟ ਹੋਇਆ ਅਤੇ ਤੀਜਾ ਵਿਕਟ ਡੇਨੀਅਲ ਸੈਮਸ ਦਾ ਝਟਕਾ ਲੱਗਾ।
ਮੁੰਬਈ ਦੀ ਸ਼ੁਰੂਆਤ ਚੰਗੀ ਰਹੀ ਪਰ ਮੁੰਬਈ ਦੇ ਬੱਲੇਬਾਜ਼ ਇੱਕ ਵਾਰ ਫਿਰ ਐੱਲ.ਐੱਸ.ਜੀ. ਦੇ ਗੇਂਦਬਾਜ਼ਾਂ ਸਾਹਮਣੇ ਖਰਾਬ ਬੱਲੇਬਾਜ਼ੀ ਕਰਦੇ ਨਜ਼ਰ ਆਏ ਅਤੇ ਸੈਸ਼ਨ ਦਾ ਅੱਠਵਾਂ ਮੈਚ ਵੀ ਹਾਰ ਗਏ। ਟੀਮ ਨੇ 20 ਓਵਰਾਂ 'ਚ ਅੱਠ ਵਿਕਟਾਂ ਦੇ ਨੁਕਸਾਨ 'ਤੇ 132 ਦੌੜਾਂ ਬਣਾਈਆਂ ਅਤੇ ਲਖਨਊ ਸੁਪਰ ਜਾਇੰਟਸ ਤੋਂ ਮੈਚ 36 ਦੌੜਾਂ ਨਾਲ ਹਾਰ ਗਈ। ਮੁੰਬਈ ਅੰਕ ਸੂਚੀ ਵਿੱਚ ਦਸਵੇਂ ਸਥਾਨ 'ਤੇ ਬਰਕਰਾਰ ਹੈ ਅਤੇ ਐਲਐਸਜੀ ਅੱਠ ਮੈਚਾਂ ਵਿਚ 5 ਜਿੱਤਾਂ ਨਾਲ ਸੂਚੀ ਵਿੱਚ ਚੌਥੇ ਸਥਾਨ 'ਤੇ ਪਹੁੰਚ ਗਈ ਹੈ।
ਕੇਐਲ ਰਾਹੁਲ ਨੇ ਟੀ-20 ਕ੍ਰਿਕਟ ਵਿੱਚ ਰੋਹਿਤ ਸ਼ਰਮਾ ਦੇ ਰਿਕਾਰਡ ਦੀ ਬਰਾਬਰੀ ਕੀਤੀ: ਕਪਤਾਨ ਕੇਐਲ ਰਾਹੁਲ (ਅਜੇਤੂ 103) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਲਖਨਊ ਸੁਪਰ ਜਾਇੰਟਸ (ਐਲਐਸਜੀ) ਨੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ 37ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ (ਐਮਆਈ) ਨੂੰ ਹਰਾਇਆ। ਐਤਵਾਰ ਨੂੰ 169 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ। 20ਵੇਂ ਓਵਰ 'ਚ ਕਪਤਾਨ ਰਾਹੁਲ ਨੇ ਮੇਰਿਡਿਥ ਦੀ ਪਹਿਲੀ ਗੇਂਦ 'ਤੇ ਛੱਕਾ ਜੜ ਕੇ 61 ਗੇਂਦਾਂ 'ਚ ਸੀਜ਼ਨ ਦਾ ਆਪਣਾ ਦੂਜਾ ਸੈਂਕੜਾ ਪੂਰਾ ਕੀਤਾ। ਕਪਤਾਨ ਰਾਹੁਲ 62 ਗੇਂਦਾਂ ਵਿੱਚ 12 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 103 ਦੌੜਾਂ ਬਣਾ ਕੇ ਅਜੇਤੂ ਰਹੇ। ਇਹ ਟੀ-20 ਕ੍ਰਿਕਟ ਵਿੱਚ ਕਿਸੇ ਭਾਰਤੀ ਖਿਡਾਰੀ ਵੱਲੋਂ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਰੋਹਿਤ ਸ਼ਰਮਾ ਦੇ ਰਿਕਾਰਡ ਦੇ ਬਰਾਬਰ ਵੀ ਹੈ।
ਇਹ ਵੀ ਪੜ੍ਹੋ: IPL 2022 : ਪਲੇਅ-ਆਫ ਅਤੇ ਐਲੀਮੀਨੇਟਰ ਦੀ ਤਾਰੀਖ ਅਤੇ ਸਥਾਨ ਤੈਅ, ਜਾਣੋ ਸਮਾਂ-ਸਾਰਣੀ