ਅਬੂ ਧਾਬੀ: ਆਸਟਰੇਲੀਆ ਦੇ ਆਲਰਾਉਂਡਰ ਮਾਰਕਸ ਸਟੋਨੀਸ ਨੇ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਫ਼ਾਇਨਲ ਵਿੱਚ ਪਹੁੰਚਣ ਲਈ ਦਿੱਲੀ ਕੈਪਿਟਲ ਦੇ ਪ੍ਰਦਰਸ਼ਨ ਵਿੱਚ ਸ਼ਿਖਰ ਧਵਨ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਵੇਂ ਉਹ ਕਪਤਾਨ ਨਹੀਂ ਹਨ ਪਰ ਉਨ੍ਹਾਂ ਦਾ ਇੱਕ ਸਲਾਹਕਾਰ ਵਜੋਂ ਟੀਮ ਉੱਤੇ ਬਹੁਤ ਪ੍ਰਭਾਵ ਹੈ ਅਤੇ ਉਹ ਵੀ ਲਗਾਤਾਰ ਵਧੀਆ ਖੇਡ ਰਹੇ ਹਨ।
ਧਵਨ ਨੇ ਇਸ ਆਈਪੀਐਲ ਵਿੱਚ 603 ਦੌੜਾਂ ਬਣਾਈਆਂ ਹਨ ਜਦਕਿ ਸਟੋਨੀਸ ਨੇ 352 ਦੌੜਾਂ ਦੀ ਮਦਦ ਨਾਲ 12 ਵਿਕਟਾਂ ਲਈਆਂ ਹਨ। ਦੋਵਾਂ ਦੀ ਸ਼ਾਨਦਾਰ ਪ੍ਰਦਰਸ਼ਨ ਨਾਲ ਦਿੱਲੀ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਦੂਜੇ ਕੁਆਲੀਫਾਇਰ ਵਿੱਚ 17 ਦੌੜਾਂ ਨਾਲ ਮਾਤ ਦਿੱਤੀ। ਸਟੋਨੀਸ ਨੇ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਸ਼ਿਖਰ ਸ਼ਾਨਦਾਰ ਰਿਹਾ ਹੈ ਅਤੇ ਕੁਝ ਸ਼ਾਨਦਾਰ ਸ਼ਤਕ ਲਗਾਏ। ਉਨ੍ਹਾਂ ਸਾਡੇ ਸਾਰਿਆਂ ਦਾ ਮਾਰਗ ਦਰਸ਼ਨ ਕੀਤਾ ਹੈ।"
ਉਨ੍ਹਾਂ ਕਿਹਾ, "ਉਹ ਟੀਮ ਦੇ ਇੱਕ ਲੀਡਰ ਹਨ। ਉਸ ਕੋਲ ਕ੍ਰਿਕਟ ਦੀ ਅਥਾਹ ਅਨਰਜੀ ਅਤੇ ਸਮਝ ਹੈ। ਉਨ੍ਹਾਂ ਨੇ ਮੇਰੇ ਪ੍ਰਦਰਸ਼ਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਮੈਨੂੰ ਉਨ੍ਹਾਂ ਉੱਤੇ ਮਾਣ ਹੈ।" ਉਨ੍ਹਾਂ ਅੱਗੇ ਕਿਹਾ, “ਉਨ੍ਹਾਂ ਇਸ ਸਾਲ 600 ਤੋਂ ਵੱਧ ਦੌੜਾਂ ਬਣਾਈਆਂ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਫਾਇਨਲ ਵਿੱਚ ਇੱਕ ਹੋਰ ਯਾਦਗਾਰੀ ਪਾਰੀ ਖੇਡਣਗੇ।"
ਬਿੱਗ ਬੈਸ਼ ਲੀਗ ਵਿੱਚ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਸਟੋਨੀਸ ਨੇ ਆਈਪੀਐਲ ਵਿੱਚ ਪ੍ਰਿਥਵੀ ਸ਼ਾਅ ਦੀ ਨਿਰੰਤਰ ਅਸਫਲਤਾ ਤੋਂ ਬਾਅਦ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਈ। ਉਨ੍ਹਾਂ ਕਿਹਾ, “ਰਿੱਕੀ ਨੇ ਮੇਰੇ ਨਾਲ ਇਸ ਬਾਰੇ ਗੱਲ ਕੀਤੀ ਕਿ ਮੈਂ ਪਾਰੀ ਦੀ ਸ਼ੁਰੂਆਤ ਕਰ ਸਕਦਾ ਹਾਂ। ਮੈਂ ਉਸਦੀ ਤਿਆਰੀ ਕੀਤੀ। ਇਕ ਮੈਚ ਵਿੱਚ, ਮੈਂ ਤੀਜੇ ਨੰਬਰ 'ਤੇ ਆਇਆ ਪਰ ਟੀਚਾ 220 ਸੀ, ਇਸ ਲਈ ਉਹ ਸਫ਼ਲ ਨਹੀਂ ਹੋਇਆ।"