ਆਬੂਧਾਬੀ: ਆਈਪੀਐਲ ਸੀਜ਼ਨ 13 ਵਿੱਚ ਐਤਵਾਰ ਨੂੰ ਦਿੱਲੀ ਕੈਪੀਟਲ ਵਿਰੁੱਧ ਜਿੱਤ ਦਰਜ ਕਰਨ ਤੋਂ ਬਾਅਦ ਚਾਰ ਵਾਰੀ ਦੀ ਜੇਤੂ ਮੁੰਬਈ ਇੰਡੀਅਨਜ਼ ਲੀਗ ਦੀ ਪਹਿਲੀ ਅਜਿਹੀ ਟੀਮ ਬਣ ਗਈ ਹੈ, ਜਿਸਦੀ ਸਫ਼ਲਤਾ ਦਰ ਇਸ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਵਿਰੁੱਧ 50 ਤੋਂ ਜ਼ਿਆਦਾ ਹੈ। ਐਤਵਾਰ ਨੂੰ ਮੈਚ ਤੋਂ ਪਹਿਲਾਂ ਦੋਵੇਂ ਹੀ ਟੀਮਾਂ ਪਿਛਲੇ 12 ਸੀਜ਼ਨਾਂ ਵਿੱਚ ਇੱਕ-ਦੂਜੇ ਵਿਰੁੱਧ 12-12 ਮੈਚ ਜਿੱਤ ਚੁੱਕੀਆਂ ਸਨ ਅਤੇ ਐਤਵਾਰ ਨੂੰ ਵੀ ਮੁੰਬਈ ਨੇ ਦਿੱਲੀ ਕੈਪੀਟਲ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ।
ਮੁੰਬਈ ਇੰਡੀਅਨ ਦੀ ਦਿੱਲੀ ਕੈਪੀਟਲ ਵਿਰੁੱਧ ਸਫ਼ਲਤਾ ਦਰ 52 ਫ਼ੀਸਦੀ, ਚੇਨਈ ਸੁਪਰ ਕਿੰਗਜ਼ ਵਿਰੁੱਧ 58 ਫ਼ੀਸਦੀ, ਰਾਇਲ ਚੈਲੰਜ਼ਰ ਬੰਗਲੌਰ ਵਿਰੁੱਧ 64.3 ਫ਼ੀਸਦੀ, ਸਨਰਾਈਜ਼ ਹੈਦਰਾਬਾਦ ਵਿਰੁੱਧ 53.3 ਫ਼ੀਸਦੀ, ਕਿੰਗਜ਼ ਇਲੈਵਨ ਪੰਜਾਬ ਵਿਰੁੱਧ 56 ਫ਼ੀਸਦੀ, ਰਾਜਸਥਾਨ ਰਾਇਲਜ਼ ਵਿਰੁੱਧ 52 ਫ਼ੀਸਦੀ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਇਹ 80 ਫ਼ੀਸਦੀ ਹੈ।
ਸਫ਼ਲਤਾ ਦਰ ਦੀ ਗਿਣਤੀ ਕਰਦੇ ਸਮੇਂ ਰੱਦ ਹੋਏ ਮੈਚਾਂ ਅਤੇ ਨਤੀਜਾ ਨਾ ਨਿਕਲਣ ਵਾਲੇ ਮੈਚਾਂ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਨੇ ਆਈਪੀਐਲ ਵਿੱਚ ਹੁਣ ਤੱਕ ਸਭ ਤੋਂ ਜ਼ਿਆਦਾ ਚਾਰ ਵਾਰੀ ਖਿ਼ਤਾਬ ਜਿੱਤਿਆ ਹੈ। ਟੀਮ ਨੇ ਪਿਛਲੇ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਖਿਤਾਬ ਆਪਣੇ ਨਾਂਅ ਕੀਤਾ ਸੀ।