ਚੰਡੀਗੜ੍ਹ : ਭਾਰਤੀ ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ 'ਤੇ ਇੰਗਲੈਂਡ ਦੇ ਖ਼ਿਲਾਫ਼ ਲੰਡਨ ਵਿੱਚ ਚੌਥੇ ਟੈਸਟ ਦੇ ਤੀਜੇ ਦਿਨ ਅੰਪਾਇਰ ਦੇ ਫ਼ੈਸਲੇ 'ਤੇ ਅਸਹਿਮਤੀ ਜ਼ਾਹਿਰ ਕਰਨ ਲਈ ਐਤਵਾਰ ਨੂੰ ਮੈਚ ਫੀਸ ਦਾ 15 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਇਹ ਘਟਨਾ ਸ਼ਨਿਚਰਵਾਰ ਨੂੰ ਭਾਰਤੀ ਪਾਰੀ ਦੇ 34ਵੇਂ ਓਵਰ ਵਿਚ ਹੋਈ ਜਦ ਡੀ.ਆਰ.ਐੱਸ ਰਿਵਿਊ ਤੋਂ ਬਾਅਦ ਉਨ੍ਹਾਂ ਨੂੰ ਜੇਮਜ਼ ਐਂਡਰਸਨ ਦੀ ਗੇਂਦ 'ਤੇ ਆਊਟ ਕਰਾਰ ਦਿੱਤਾ ਗਿਆ।
ਉਨ੍ਹਾਂ ਨੇ ਇਸ ਤਰ੍ਹਾਂ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਜ਼ਾਬਤੇ ਦੇ ਲੈਵਲ 1 ਦਾ ਉਲੰਘਣ ਕੀਤਾ। ਰਾਹੁਲ ਨੇ 101 ਗੇਂਦਾਂ ਵਿਚ 46 ਦੌੜਾਂ ਬਣਾਈਆਂ ਸਨ।
ਆਈਸੀਸੀ ਮੁਤਾਬਕ ਰਾਹੁਲ ਨੂੰ ਆਈਸੀਸੀ ਦੇ ਖਿਡਾਰੀਆਂ ਤੇ ਸਹਿਯੋਗੀ ਸਟਾਫ ਦੇ ਜ਼ਾਬਤੇ ਦੇ ਆਰਟੀਕਲ 2.8 ਦੇ ਉਲੰਘਣ ਦਾ ਦੋਸ਼ੀ ਪਾਇਆ ਗਿਆ ਹੈ ਜੋ ਅੰਤਰਰਾਸ਼ਟਰੀ ਮੈਚ ਵਿਚ ਅੰਪਾਇਰਾਂ ਦੇ ਫ਼ੈਸਲੇ 'ਤੇ ਅਸਹਿਮਤੀ ਦਿਖਾਉਣ ਨਾਲ ਸਬੰਧਤ ਹੈ। ਇਸ ਤੋਂ ਇਲਾਵਾ ਇਕ ਡਿਮੈਰਿਟ ਅੰਕ ਵੀ ਰਾਹੁਲ ਦੇ ਅਨੁਸ਼ਾਸਨੀ ਰਿਕਾਰਡ ਵਿਚ ਜੁੜ ਗਿਆ ਹੈ ਜਿਨ੍ਹਾਂ ਦਾ 24 ਮਹੀਨੇ ਵਿਚ ਇਹ ਪਹਿਲਾ ਉਲੰਘਣ ਹੈ।
ਇਹ ਵੀ ਪੜ੍ਹੋ:Ind vs Eng 4th Test: ਭਾਰਤ ਦੀ ਚੰਗੀ ਸ਼ੁਰੂਆਤ, ਦੁਪਹਿਰ ਦੇ ਖਾਣੇ ਤੱਕ ਬਣਾਏ ਇੰਨੇ ਸਕੋਰ
ਰਾਹੁਲ ਨੇ ਗਲਤੀ ਨੂੰ ਸਵੀਕਾਰ ਕਰ ਲਿਆ ਹੈ। ਮੈਚ ਰੈਫਰੀਆਂ ਦੇ ਆਈਸੀਸੀ ਏਲੀਟ ਪੈਨਲ ਦੇ ਕ੍ਰਿਸ ਬਰਾਡ ਵੱਲੋਂ ਪ੍ਰਸਤਾਵਤ ਜੁਰਮਾਨੇ ਨੂੰ ਵੀ ਰਾਹੁਲ ਨੇ ਸਵੀਕਾਰ ਕਰ ਲਿਆ ਹੈ ਇਸ ਲਈ ਅਧਿਕਾਰਕ ਸੁਣਵਾਈ ਦੀ ਲੋੜ ਨਹੀਂ ਪਈ।