ਹੈਦਰਾਬਾਦ: ਅੰਤਰ-ਰਾਸ਼ਟਰੀ ਕ੍ਰਿਕਟ ਕੌਂਸਲ ਦੀ ਵੀਰਵਾਰ ਨੂੰ ਜਦ ਟੈਲੀਕਾਨਫ਼ਰੰਸ ਦੇ ਰਾਹੀਂ ਮੀਟਿੰਗ ਹੋਵੇਗੀ ਤਾਂ ਉਸ ਵਿੱਚ ਆਸਟ੍ਰੇਲੀਆ ਵਿੱਚ ਇਸੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ 2022 ਤੱਕ ਮੁਲਤਵੀ ਕੀਤੇ ਜਾਣ ਦੀ ਸੰਭਾਵਨਾ ਹੈ।
ਜੇ ਟੀ-20 ਵਿਸ਼ਵ ਕੱਪ 2022 ਤੱਕ ਮੁਲਤਵੀ ਹੁੰਦਾ ਹੈ ਤਾਂ ਇਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਚਾਹੁਣ ਵਾਲਿਆਂ ਉੱਤੇ ਪਵੇਗਾ। ਧੋਨੀ ਦੇ ਚਾਹੁਣ ਵਾਲਿਆਂ ਨੂੰ ਉਮੀਦ ਸੀ ਕਿ ਟੀ-20 ਵਿਸ਼ਵ ਕੱਪ ਵਿੱਚ ਧੋਨੀ ਦੀ ਭਾਰਤੀ ਟੀਮ ਵਿੱਚ ਵਾਪਸੀ ਹੋਵੇਗੀ, ਪਰ ਜੇ ਇਹ ਟੂਰਨਾਮੈਂਟ ਮੁਲਤਵੀ ਹੁੰਦਾ ਹੈ ਤਾਂ ਧੋਨੀ ਦਾ ਕਰਿਅਰ ਖ਼ਤਮ ਹੋ ਸਕਦਾ ਹੈ।
ਈਟੀਵੀ ਭਾਰਤ ਨੇ ਧੋਨੀ ਦੇ ਕਰਿਅਰ ਨੂੰ ਲੈ ਕੇ ਸੀਨੀਅਰ ਪੱਤਰਕਾਰ ਸ਼ੇਖ਼ਰ ਲੁਥਰਾ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਧੋਨੀ ਹੁਣ ਤੱਕ ਇਤਿਹਾਸ ਹੈ। ਹੁਣ ਉਹ ਭਾਰਤੀ ਟੀਮ ਦੀ ਜਰਸੀ ਵਿੱਚ ਨਹੀਂ ਦਿਖਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ 2015 ਵਿਸ਼ਵ ਕੱਪ ਤੋਂ ਬਾਅਦ ਹੀ ਧੋਨੀ ਨੂੰ ਸੰਨਿਆਸ ਲੈ ਲੈਣਾ ਚਾਹੀਦਾ ਸੀ।
ਤੁਹਾਨੂੰ ਦੱਸ ਦਈਏ ਕਿ ਧੋਨੀ ਆਖ਼ਰੀ ਵਾਰ ਨੀਲੀ ਜਰਸੀ ਵਿੱਚ ਆਈਸੀਸੀ ਵਿਸ਼ਵ ਕੱਪ 2019 ਦੇ ਸੈਮੀਫ਼ਾਇਨਲ ਮੈਚ ਵਿੱਚ ਦਿਖੇ ਸਨ। ਇਸ ਤੋਂ ਬਾਅਦ ਉਹ ਕ੍ਰਿਕਟ ਤੋਂ ਦੂਰ ਹਨ।
ਧੋਨੀ ਦੇ ਸੰਨਿਆਸ ਦੀ ਚਰਚਾ ਵਿਸ਼ਵ ਕੱਪ ਤੋਂ ਬਾਅਦ ਹੀ ਹੋਣ ਲੱਗੀ ਹੈ, ਪਰ ਹਾਲੇ ਤੱਕ ਧੋਨੀ ਨੇ ਖ਼ੁਦ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਹੈ। ਆਈਪੀਐੱਲ ਵਿੱਚ ਚੇਨੱਈ ਸੁਪਰ ਕਿੰਗਜ਼ ਦੇ ਕਪਤਾਨ ਹਨ ਅਤੇ ਉਨ੍ਹਾਂ ਨੂੰ ਆਈਪੀਐੱਲ ਦੇ 13ਵੇਂ ਸੀਜ਼ਨ ਦੇ ਨਾਲ ਮੈਦਾਨ ਉੱਤੇ ਵਾਪਸੀ ਕਰਨੀ ਸੀ, ਪਰ ਕੋਰੋਨਾ ਵਾਇਰਸ ਦੇ ਕਾਰਨ ਆਈਪੀਐੱਲ ਦੇ 13ਵੇਂ ਸੀਜ਼ਨ ਨੂੰ ਮੁਲਤਵੀ ਕਰਨਾ ਪਿਆ ਸੀ।
ਧੋਨੀ ਦਾ ਕ੍ਰਿਕਟ ਕਰਿਅਰ ਸ਼ਾਨਦਾਰ ਰਿਹਾ ਹੈ, ਉਨ੍ਹਾਂ ਨੇ 350 ਇੱਕ ਰੋਜ਼ਾ ਮੈਚ ਭਾਰਤ ਦੇ ਲਈ ਖੇਡੇ ਹਨ। ਜਿਸ ਵਿੱਚ ਉਨ੍ਹਾਂ ਨੇ 50.58 ਦੀ ਔਸਤ ਨਾਲ 10,773 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਆਪਣੇ ਕਰਿਆਰ ਦੌਰਾਨ 10 ਸੈਂਕੜੇ ਅਤੇ 73 ਅਰਧ-ਸੈਂਕੜੇ ਲਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 90 ਟੈਸਟ ਅਤੇ 98 ਟੀ-20 ਵਿੱਚ ਭਾਰਤ ਦੀ ਅਗਵਾਈ ਕੀਤੀ ਹੈ। ਜਿਸ ਵਿੱਚ ਲੜੀਵਾਰ ਉਨ੍ਹਾਂ ਨੇ 8248 ਅਤੇ 3215 ਦੌੜਾਂ ਬਣਾਈਆਂ ਹਨ।