ਹੈਦਰਾਬਾਦ: ਬਾਲ ਟੈਂਪਰਿੰਗ ਮਾਮਲੇ ਵਿੱਚ ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸਟੀਵ ਸਮਿਥ ਉੱਤੇ ਲੱਗੀ 2 ਸਾਲ ਦੀ ਰੋਕ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਸਮਿਥ ਦੀ ਕਪਤਾਨੀ ਉੱਤੇ ਲੱਗੀ 2 ਸਾਲ ਦੀ ਰੋਕ ਵੀ ਖ਼ਤਮ ਹੋ ਗਈ ਹੈ।
ਸਮਿਥ ਦੇ ਨਾਲ-ਨਾਲ ਡੇਵਿਡ ਵਾਰਨਰ ਉੱਤੇ ਵੀ ਸਾਲ ਭਰ ਅਤੇ ਕੈਮਰੂਨ ਬੈਨਕ੍ਰਾਫ਼ਟ ਉੱਤੇ 9 ਮਹੀਨਿਆਂ ਦੀ ਰੋਕ ਲੱਗੀ ਸੀ। ਇਸ ਬੈਨ ਕਾਰਨ ਸਮਿਥ ਆਸਟ੍ਰੇਲੀਆਈ ਟੀਮ ਦੇ ਕਪਤਾਨ ਨਹੀਂ ਬਣ ਸਕਦੇ ਸਨ। ਹੁਣ ਸਮਿਥ ਉੱਤੋਂ ਇਹ ਬੈਨ ਹਟਾ ਦਿੱਤਾ ਗਿਆ ਅਤੇ ਉਹ ਇੱਕ ਵਾਰ ਫ਼ਿਰ ਤੋਂ ਆਸਟ੍ਰੇਲਾਈ ਕ੍ਰਿਕਟ ਟੀਮ ਦੇ ਕਪਤਾਨ ਬਣਨ ਦੇ ਯੋਗ ਹੋ ਗਏ ਹਨ।
ਦੱਖਣੀ ਅਫ਼ਰੀਕਾ ਵਿਰੁੱਧ ਬਾਲ ਟੈਂਪਰਿੰਗ ਦੇ ਚੱਲਦਿਆਂ 1 ਸਾਲ ਦੇ ਲਈ ਬੈਨ ਹੋਏ ਸਮਿਥ ਨੇ ਐਸ਼ੇਜ਼ ਲੜੀ ਵਿੱਚ ਸ਼ਾਨਦਾਰ ਵਾਪਸੀ ਕੀਤੀ ਸੀ। ਸੀਰੀਜ਼ ਦੇ ਪਹਿਲੇ ਮੁਕਾਬਲੇ ਵਿੱਚ ਇੰਗਲੈਂਡ ਵਿਰੁੱਧ ਪਹਿਲੀ ਪਾਰੀ ਵਿੱਚ ਉਨ੍ਹਾਂ ਨੇ 144 ਅਤੇ ਦੂਸਰੀ ਪਾਰੀ ਵਿੱਚ 142 ਦੌੜਾਂ ਦੇ ਨਾਲ ਸੈਂਕੜੇ ਵਾਲੀ ਪਾਰੀ ਖੇਡੀ ਜਿਸ ਦੇ ਲਈ ਉਨ੍ਹਾਂ ਨੂੰ ਮੈਨ ਆਫ਼ ਦਾ ਮੈਚ ਵੀ ਚੁਣਿਆ ਗਿਆ ਸੀ।
ਦੱਸ ਦਈਏ ਕਿ ਇੰਡੀਅਨ ਪ੍ਰੀਮਿਅਰ ਲੀਗ ਦੇ ਪਿਛਲੇ ਸੀਜ਼ਨ ਵਿੱਚ ਸਟਿਵ ਸਮਿਥ ਨੂੰ ਰਾਜਸਥਾਨ ਰਾਇਲਜ਼ ਨੇ ਕਪਤਾਨੀ ਤੋਂ ਹਟਾ ਦਿੱਤਾ ਸੀ।