ਕੋਲਕਾਤਾ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਆਈਪੀਐਲ ਦੇ ਪਹਿਲੇ ਸੀਜ਼ਨ 'ਚ ਖੇਡਣ ਵਾਲੇ ਇੱਕ ਸਟਾਰ ਖਿਡਾਰੀ ਸਨ। 'ਕੋਲਕਾਤਾ ਦੇ ਪ੍ਰਿੰਸ' ਵਜੋਂ ਮਸ਼ਹੂਰ ਗਾਂਗੁਲੀ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਵੀ ਸਨ। ਕੋਲਕਾਤਾ ਦੇ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਗਾਂਗੁਲੀ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਨਗੇ ਪਰ ਆਈਪੀਐਲ ਦੇ ਪਹਿਲੇ ਸੀਜ਼ਨ 'ਚ ਉਨ੍ਹਾਂ ਅਤੇ ਟੀਮ ਪ੍ਰਬੰਧਨ ਵਿਚਾਲੇ ਤਕਰਾਰ ਹੋ ਗਈ ਸੀ। ਉਸ ਸੀਜ਼ਨ ਵਿੱਚ ਟੀਮ ਛੇਵੇਂ ਸਥਾਨ 'ਤੇ ਰਹੀ ਸੀ।
ਜ਼ਿਕਰਯੋਗ ਹੈ ਕਿ ਉਸ ਸਮੇਂ ਦੇ ਕੇਕੇਆਰ ਕੋਚ ਜੌਹਨ ਬੁਕੈਨਨ ਨੇ ਕਪਤਾਨੀ ਬਾਰੇ ਕਈ ਨੀਤੀਆਂ ਲਿਆਂਦੀਆਂ ਸਨ। ਇਸ ਕਾਰਨ ਟੀਮ ਆਪਣਾ ਸਰਬੋਤਮ ਪ੍ਰਦਰਸ਼ਨ ਦੇਣ ਵਿੱਚ ਅਸਫਲ ਰਹੀ। ਫਿਰ ਦੂਜੇ ਸੀਜ਼ਨ 'ਚ ਕੇਕੇਆਰ ਆਖ਼ਰੀ ਸਥਾਨ 'ਤੇ ਸੀ, ਇਸ ਤੋਂ ਬਾਅਦ ਬੁਕੈਨਨ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਫਿਰ ਤੀਜੇ ਸੀਜ਼ਨ 'ਚ, ਗਾਂਗੁਲੀ ਨੇ ਕੇਕੇਆਰ ਦਾ ਚਾਰਜ ਸੰਭਾਲ ਲਿਆ, ਫਿਰ ਵੀ ਟੀਮ ਚੋਟੀ ਦੇ ਚਾਰ ਵਿੱਚ ਜਗ੍ਹਾ ਨਹੀਂ ਬਣਾ ਸਕੀ। ਫਿਰ 2011 'ਚ ਗੌਤਮ ਗੰਭੀਰ ਨੂੰ ਕਪਤਾਨ ਬਣਾਇਆ ਗਿਆ, ਜਿਸ ਤੋਂ ਬਾਅਦ ਕੇਕੇਆਰ 2012 ਅਤੇ 2014 ਵਿਚ ਚੈਂਪੀਅਨ ਬਣ ਗਈ।
ਗਾਂਗੁਲੀ ਨੇ ਕੇਕੇਆਰ ਤੋਂ ਇਲਾਵਾ ਆਪਣੇ ਤੇ ਸ਼ਾਹਰੁਖ ਖਾਨ ਵਿਚਾਲੇ ਹੋਈ ਗੱਲਬਾਤ ਬਾਰੇ ਖੁੱਲ੍ਹ ਕੇ ਦੱਸਿਆ। ਉਨ੍ਹਾਂ ਕਿਹਾ, "ਮੈਂ ਇਕ ਇੰਟਰਵਿਊ ਵੇਖਿਆ ਜਿਸ ਵਿੱਚ ਗੌਤਮ ਗੰਭੀਰ ਨੇ ਕਿਹਾ ਕਿ ਸ਼ਾਹਰੁਖ ਖਾਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਇਹ ਤੁਹਾਡੀ ਟੀਮ ਹੈ, ਮੈਂ ਵਿੱਚ ਨਹੀਂ ਆਵਾਂਗਾ।"