ਨਵੀਂ ਦਿੱਲੀ: ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਰਫ਼ਰਾਜ ਅਹਿਮਦ ਨੂੰ ਕ੍ਰਿਕੇਟ ਬੋਰਡ(ਪੀਸੀਬੀ) ਨੇ ਟੈਸਟ ਅਤੇ ਟੀ-20 ਦੀ ਕਪਤਾਨੀ ਤੋਂ ਹਟਾ ਦਿੱਤਾ ਹੈ। ਪੀਸੀਬੀ ਨੇ ਅਧਿਕਾਰਕ ਬਿਆਨ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਕੌਣ ਬਣਿਆ ਨਵਾਂ ਕਪਤਾਨ
ਸਰਫਰਾਜ਼ ਦੀ ਜਗ੍ਹਾ ਅਜ਼ਹਰ ਅਲੀ ਨੂੰ ਟੈਸਟ ਅਤੇ ਬਾਬਰ ਆਜ਼ਮ ਕੌਮਾਂਤਰੀ ਟੀ-20 ਟੀਮ ਦੇ ਕਪਤਾਨ ਹੋਣਗੇ। ਪਾਕਿਸਤਾਨ ਨੇ ਆਸਟ੍ਰੇਲੀਆ ਦੇ ਵਿਰੁੱਧ 2 ਟੈਸਟ ਮੈਚਾਂ ਦੀ ਲੜੀ ਖੇਡਣੀ ਹੈ। ਇਸ ਲੜੀ ਵਿੱਚ ਟੀਮ ਦੀ ਅਗਵਾਈ ਅਜ਼ਹਰ ਅਲੀ ਕਰਨਗੇ। ਉੱਥੇ ਹੀ ਨਵੰਬਰ ਵਿੱਚ ਹੋਣ ਵਾਲੇ ਦੌਰੇ ਦੌਰਾਨ ਟੀ-20 ਮੈਚਾਂ ਦੀ ਅਗਵਾਈ ਬਾਬਰ ਆਜ਼ਮ ਦੇ ਹਿੱਸੇ ਆਈ ਹੈ।
ਪੀਸੀਬੀ ਨੇ ਕਿਹਾ ਕਿ ਆਸਟ੍ਰੇਲੀਆ ਵਿਰੁੱਧ ਖੇਡੀ ਜਾਣ ਸੀਰਿਜ਼ ਲਈ ਟੀਮ ਦਾ ਐਲਾਨ 21 ਅਕਤੂਬਰ ਨੂੰ ਕੀਤਾ ਜਾਵੇਗਾ। ਇਸ ਦੌਰਾਨ ਪੀਸੀਬੀ ਨੇ ਸਰਫਰਾਜ਼ ਦੇ ਹਵਾਲੇ ਤੋਂ ਬਿਆਨ ਵੀ ਜਾਰੀ ਕੀਤਾ ਹੈ ਜਿਸ ਵਿੱਚ ਸਰਫਰਾਜ਼ ਨੇ ਕਿਹਾ ਕਿ ਉਹ ਅਜ਼ਹਰ ਅਤੇ ਬਾਬਰ ਨੂੰ ਨਵੀਂ ਸ਼ੁਰੂਆਤ ਲਈ ਵਧਾਈ ਦਿੰਦੇ ਹਨ।
ਕਪਤਾਨੀ ਦਾ ਕਮਾਲ
ਜ਼ਿਕਰਯੋਗ ਹੈ ਕਿ ਸਰਫਰਾਜ਼ ਪਿਛਲੇ 2 ਸਾਲਾਂ ਤੋਂ ਪਾਕਿਸਾਤਨ ਲਈ ਕਪਤਾਨੀ ਕਰ ਰਹੇ ਹਨ। ਸਰਫਰਾਜ਼ ਦੀ ਅਗਵਾਈ ਵਿੱਚ ਹੀ 2017 ਆਈਸੀਸੀ ਚੈਂਪੀਅਨਸ਼ਿੱਪ ਟਰਾਫ਼ੀ ਨੂੰ ਆਪਣੇ ਨਾਂਅ ਕੀਤਾ ਸੀ।
ਤਾਂ ਇਸ ਕਰਕੇ ਗਈ ਕਪਤਾਨੀ
ਜਦੋਂ ਪਾਕਿਸਤਾਨ ਨੇ ਹਾਲ ਹੀ ਵਿੱਚ ਘਰੇਲੂ ਮੈਚਾਂ ਵਿੱਚ ਸ਼੍ਰੀਲੰਕਾ ਤੋਂ ਤਿੰਨ ਮੈਚਾਂ ਦੀ ਲੜੀ ਵਿੱਚ 3-0 ਨਾਲ ਹਾਰ ਦਾ ਸਾਹਮਣਾ ਕੀਤਾ ਹੈ। ਇਹ ਸਾਰਾ ਸਾਲ ਪਾਕਿਸਤਾਨ ਕ੍ਰਿਕੇਟ ਲਈ ਬਹੁਤ ਨਿਰਾਸ਼ਾਜਨਕ ਰਿਹਾ ਹੈ। ਸਾਲ ਦੇ ਸ਼ੁਰੂ ਵਿੱਚ ਪਾਕਿਸਤਾਨ ਨੂੰ ਦੱਖਣੀ ਅਫਰੀਕਾ ਦੇ ਹੱਥੋਂ ਕਲੀਨ ਸਵੀਪ ਮਿਲਿਆ। ਇਸ ਤੋਂ ਬਾਅਦ ਆਸਟਰੇਲੀਆ ਨੇ ਵੀ ਉਸ ਨੂੰ 5-0 ਨਾਲ ਹਰਾਇਆ। ਵਿਸ਼ਵ ਕੱਪ ਵਿੱਚ ਵੀ, ਉਹ ਕੁਝ ਖਾਸ ਨਹੀਂ ਕਰ ਸਕਿਆ। ਆਪਣੇ ਮਾੜੇ ਪ੍ਰਦਰਸ਼ਨ ਦੌਰਾਨ ਸਰਫਰਾਜ਼ ਅਹਿਮਦ ਕਪਤਾਨੀ ਵਿੱਚ ਤਾਂ ਅਸਫਲ ਰਿਹਾ ਹੀ, ਨਾਲ ਹੀ ਉਸ ਨੇ ਬੱਲੇਬਾਜ਼ੀ ਵਿੱਚ ਵੀ ਕੋਈ ਖ਼ਾਸ ਕਮਾਲ ਨਹੀਂ ਦਿਖਾਇਆ।