ਨਵੀਂ ਦਿੱਲੀ : ਭਾਰਤ ਇਸੇ ਮਹੀਨੇ ਬੰਗਲਾਦੇਸ਼ ਵਿਰੁੱਦ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਆਪਣਾ ਪਹਿਲਾ ਦਿਨ-ਰਾਤ ਦਾ ਟੈਸਟ ਮੈਚ ਖੇਡੇਗਾ। ਇਸ ਮੈਚ ਵਿੱਚ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਕੁਮੈਂਟਰੀ ਕਰ ਸਕਦੇ ਹਨ। ਭਾਰਤ ਨੂੰ ਬੰਗਲਾਦੇਸ਼ ਵਿਰੁੱਦ 22 ਤੋਂ 26 ਨਵੰਬਰ ਵਿਚਕਾਰ ਇਹ ਟੈਸਟ ਮੈਚ ਖੇਡਣਾ ਹੈ।
ਸਾਬਕਾ ਟੈਸਟ ਕਪਤਾਨਾਂ ਨੂੰ ਬੁਲਾਇਆ ਜਾਣਾ ਚਾਹੀਦੈ
ਮੈਚ ਦੇ ਪ੍ਰਸਾਰਣਕਾਰਾਂ ਨੇ ਬੀਸੀਸੀਆਈ ਦੇ ਪ੍ਰਧਾਨ ਸੌਰਭ ਗਾਂਗੁਲੀ ਦੇ ਸਾਹਮਣੇ ਦਿਨ-ਰਾਤ ਟੈਸਟ ਮੈਚਾਂ ਲਈ ਜੋ ਵਿਚਾਰ ਰੱਖਿਆ ਹੈ, ਉਸ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦੇ ਸਾਰੇ ਸਾਬਕਾ ਟੈਸਟ ਕਪਤਾਨਾਂ ਨੂੰ ਇਸ ਦੇ ਲਈ ਬੁਲਾਇਆ ਜਾਣਾ ਚਾਹੀਦਾ ਹੈ ਅਤੇ ਉਹ ਭਾਰਤ ਦੇ ਟੈਸਟ ਇਤਿਹਾਸ ਦੇ ਆਪਣੇ ਸਭ ਤੋਂ ਵਧੀਆ ਪਲਾਂ ਬਾਰੇ ਦੱਸਣ।
ਧੋਨੀ ਨੂੰ ਦਿੱਤਾ ਸੱਦਾ
ਇਸ ਵਿੱਚ ਲਿਖਿਆ ਹੈ ਕਿ ਟੈਸਟ ਮੈਚ ਦੇ ਪਹਿਲੇ ਅਤੇ ਦੂਸਰੇ ਦਿਨ ਭਾਰਤ ਦੇ ਸਾਰੇ ਸਾਬਕਾ ਟੈਸਟ ਕਪਤਾਨਾਂ ਨੂੰ ਬੁਲਾਇਆ ਜਾਣਾ ਚਾਹੀਦਾ ਹੈ। ਸਾਰੇ ਸਾਬਕਾ ਕਪਤਾਨ ਮੈਦਾਨ ਉੱਤੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਅਤੇ ਬਾਕੀ ਦੀ ਟੀਮ ਦੇ ਨਾਲ-ਨਾਲ ਹੋਰ ਮਹਿਮਾਨਾਂ ਲਈ ਰਾਸ਼ਟਰੀ ਗੀਤ ਲਈ ਖੜੇ ਹੋਣਗੇ। ਪੂਰੇ ਦਿਨ ਸਾਬਕਾ ਕਪਤਾਨ ਬਾਰੀ-ਬਾਰੀ ਗੈਸਟ ਕੁਮੈਂਟੇਟਰ ਦੇ ਤੌਰ ਉੱਤੇ ਆਉਣਗੇ ਅਤੇ ਆਪਣੇ ਟੈਸਟ ਦੇ ਇਤਿਹਾਸ ਨੂੰ ਅਹਿਮ ਪਲਾਂ ਨੂੰ ਸਾਂਝਾ ਕਰਨਗੇ।
ਅਜਿਹਾ ਹੁੰਦਾ ਹੈ ਤਾਂ ਧੋਨੀ ਨੂੰ ਪਹਿਲੀ ਵਾਰ ਕੁਮੈਂਟਰੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਧੋਨੀ ਨੂੰ ਇਸ ਦੇ ਲਈ ਸੱਦਾ ਵੀ ਭੇਜਿਆ ਜਾ ਚੁੱਕਾ ਹੈ।