ਨਵੀਂ ਦਿੱਲੀ: ਟੀਮ ਇੰਡੀਆਂ ਨੂੰ 2 ਵਾਰ ਵਿਸ਼ਵ ਕਪ ਜਿਤਾਉਣ ਵਾਲੇ ਦਿੱਗਜ਼ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ 38ਵੇਂ ਜਨਸਦਿਨ ਤੇ ਉਨ੍ਹਾਂ ਦੇ ਫ਼ੈਨਸ ਨੇ ਵਧਾਈਆਂ ਦਿੱਤੀਆਂ। ਮਾਹੀ ਦੇ ਨਾਂਅ ਨਾਲ ਮਸ਼ਹੂਰ ਹੋਏ ਧੋਨੀ ਨੇ ਨਾ ਸਿਰਫ਼ ਬਤੌਰ ਬੱਲੇਬਾਜ਼ ਬਲਕਿ ਇੱਕ ਚੰਗੇ ਕਪਤਾਨ ਅਤੇ ਇੱਕ ਚੰਗੇ ਮਨੁੱਖ ਬਣ ਕੇ ਲੋਕਾਂ ਦੇ ਦਿਲਾਂ ਨੂੰ ਜਿੱਤਿਆ ਹੈ।
7 ਜੁਲਾਈ 1981 'ਚ ਰਾਂਚੀ ਵਿੱਖੇ ਜਨਮੇ ਮਹਿੰਦਰ ਸਿੰਘ ਧੋਨੀ ਨੇ ਜਿੱਥੇ ਭਾਰਤ ਦੇ ਦੂਜੀ ਵਾਰ ਵਿਸ਼ਵ ਕਪ ਜਿੱਤਣ ਦੇ ਸੁਫ਼ਨੇ ਨੂੰ ਪੂਰਾ ਕੀਤਾ ਸੀ ਉੱਥੇ ਹੀ ਉਨ੍ਹਾਂ ਬੱਲੇਬਾਜ਼ੀ ਕਰ ਕਈ ਇਤਿਹਾਸ ਵੀ ਰਚੇ। ਧੋਨੀ ਦੇ ਇੱਕ ਨਾਮਵਰ ਬੱਲੇਬਾਜ਼ ਬਨਣ ਪਿੱਛੇ ਇੱਕ ਦਿਲਚਸਪ ਕਹਾਣੀ ਹੈ। ਅਸਲ ਵਿੱਚ ਧੋਨੀ ਜਦੋਂ ਟੀਮ ਇੰਡੀਆ ਵਿੱਚ ਸ਼ਾਮਲ ਹੋਏ ਤਾਂ ਉਹ ਸੱਤਵੇਂ ਨੰਬਰ 'ਤੇ ਬੈਟਿੰਗ ਕਰਦੇ ਸਨ। 5 ਅਪਰੈਲ 2005 ਵਿੱਚ ਸਾਬਕਾ ਕਪਤਾਨ ਸੌਰਭ ਗਾਂਗੂਲੀ ਨੇ ਇੱਕ ਦਾਅ ਖੇਡਦਿਆਂ ਪਾਕਿਸਤਾਨ ਦੇ ਵਿਰੁੱਧ ਮੁਕਾਬਲੇ ਵਿੱਚ ਧੋਨੀ ਨੂੰ ਤੀਸਰੇ ਨੰਬਰ 'ਤੇ ਖੇਡਣ ਲਈ ਭੇਜਿਆ ਅਤੇ ਇਸ ਮੁਕਾਬਲੇ ਵਿੱਚ ਧੋਨੀ ਨੇ ਆਪਣੇ ਵਨਡੇਅ ਕਰੀਅਰ ਦਾ ਪਹਿਲਾ ਸੈਂਕੜਾ (148 ਰਨ) ਮਾਰਿਆ ਅਤੇ ਇਸ ਨਾਲ ਹੀ ਭਾਰਤੀ ਟੀਮ ਨੂੰ ਇੱਕ ਸ਼ਾਨਦਾਰ ਬੱਲੇਬਾਜ਼ ਦੇ ਰੂਪ ਵਿੱਚ ਮਹਿੰਦਰ ਸਿੰਘ ਧੋਨੀ ਮਿਲਿਆ।
ਆਪਣੀ ਕਪਤਾਨੀ ਦੌਰਾਨ ਉਨ੍ਹਾਂ ਨੇ ਭਾਰਤ ਨੂੰ ਵਿਸ਼ਵ ਟੀ-20 ਚੈਂਪੀਅਨ(2007) ਅਤੇ ਵਿਸ਼ਵ ਕਪ (2011) ਦਾ ਚੈਂਪੀਅਨ ਬਣਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ 2015 ਵਿੱਚ ਆਈਸੀਸੀ ਚੈਂਪੀਅਨ ਟਰਾਫ਼ੀ ਦਾ ਖ਼ਿਤਾਬ ਵੀ ਭਾਰਤ ਦੀ ਝੋਲੀ ਪਾਇਆ। ਧੋਨੀ ਦੁਨੀਆਂ ਦੇ ਪਹਿਲੇ ਅਜੀਹੇ ਕਪਤਾਨ ਹਨ ਜਿਨ੍ਹਾਂ ਨੇ ਆਈਸੀਸੀ ਦੇ ਤਿੰਨਾਂ ਖ਼ਿਤਾਬਾਂ 'ਤੇ ਆਪਣਾ ਕਬਜ਼ਾ ਕੀਤਾ।
ਕ੍ਰਿਕਟ ਦੇ ਰੱਬ ਮੰਨੇ ਜਾਣ ਵਾਲੇ ਸਚਿਨ ਤੇਂਦੂਲਕਰ ਨੇ ਧੋਨੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਆਪਣੇ 22 ਸਾਲ ਦੇ ਕ੍ਰਿਕਟ ਕਰੀਅਰ 'ਚ ਉਨ੍ਹਾਂ ਲਈ ਧੋਨੀ ਸਭ ਤੋਂ ਬਿਹਤਰ ਕਪਤਾਨ ਹਨ ਅਤੇ ਕਿਹਾ ਕਿ ਧੋਨੀ ਜਿੱਥੇ ਖੇਡ ਰਣਨਿਤੀ ਬਨਾਉਣ 'ਚ ਤੇਜ਼ ਹਨ ਉੱਥੇ ਹੀ ਉਹ ਨਵੇਂ ਵਿਚਾਰਾਂ ਦਾ ਸਵਾਗਤ ਵੀ ਕਰਦੇ ਹਨ।
ਜ਼ਿਕਰਯੋਗ ਹੈ ਹੁਣ ਤੱਕ ਧੋਨੀ 90 ਟੈਸਟ, 348 ਵਨਡੇਅ ਅਤੇ 98 ਟੀ-20 ਅੰਤਰਤਾਸ਼ਟਰੀ ਮੈਚਾਂ 'ਚ ਭਾਰਤ ਦੀ ਅਗਵਾਈ ਕਰ ਚੁੱਕੇ ਹਨ। ਭਾਵੇਂ ਮਹਿੰਦਰ ਸਿੰਘ ਧੋਨੀ ਨੇ 2015 'ਚ ਟੈਸਟ ਕ੍ਰਿਕਟ ਤੋਂ ਸਨਿਆਸ ਲੈ ਲਿਆ ਹੈ ਪਰ ਅੱਜ ਵੀ ਉਹ ਸਮੁੱਚੇ ਭਾਰਤ ਦੇ ਲੋਕਾਂ 'ਤੇ ਇੱਕ ਦਿੱਗਜ ਬੱਲੇਬਾਜ਼ ਅਤੇ ਬੇਹਤਰੀਨ ਕਪਤਾਨ ਦੇ ਰੂਪ ਵਿੱਚ ਲੋਕਾਂ ਦੇ ਦਿਲੋ ਦਿਮਾਗ ਤੇ ਛਾਏ ਹੋਏ ਹਨ।
ਇਹ ਵੀ ਪੜ੍ਹੋ- ਵਿਵਾਦਾਂ 'ਚ ਰਹਿਣ ਵਾਲੇ ਸਾਬਕਾ ਕਪਤਾਨ ਧੋਨੀ ਦਾ ਹੈ ਅੱਜ ਜਨਮਦਿਨ