ਸਿਡਨੀ: ਆਸਟਰੇਲੀਆ ਦੇ ਸਾਬਕਾ ਕਪਤਾਨ ਮਾਰਕ ਟੇਲਰ ਨੇ ਕਿਹਾ ਹੈ ਕਿ ਭਾਰਤੀ ਟੀਮ ਦਾ ਮੌਜੂਦਾ ਕਪਤਾਨ ਵਿਰਾਟ ਕੋਹਲੀ ਵਿਸ਼ਵ ਕ੍ਰਿਕਟ ਵਿੱਚ ਬਹੁਤ ਸ਼ਕਤੀਸ਼ਾਲੀ ਹੈ, ਜਿਸ ਨੇ ਹਮਲਾਵਰ ਕ੍ਰਿਕਟਰ ਹੋਣ ਦੇ ਨਾਲ-ਨਾਲ ਇੱਕ ਸਟੇਟਸਮੈਨ ਦਾ ਕੰਮ ਵੀ ਕੀਤਾ ਹੈ।
ਕੋਹਲੀ 17 ਤੋਂ 21 ਦਸੰਬਰ ਤੱਕ ਐਡੀਲੇਡ ਓਵਲ ਵਿਖੇ ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ਮੈਚ ਤੋਂ ਬਾਅਦ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਘਰ ਪਰਤੇਗਾ। ਹਾਲਾਂਕਿ ਉਹ ਵਨਡੇ ਅਤੇ ਟੀ-20 ਸੀਰੀਜ਼ 'ਚ ਖੇਡੇਗਾ ਪਰ ਉਹ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਰੀ ਤਿੰਨ ਮੈਚਾਂ 'ਚ ਹਿੱਸਾ ਨਹੀਂ ਲੈ ਸਕੇਗਾ।
ਇੱਕ ਆਸਟਰੇਲਿਆਈ ਅਖਬਾਰ ਨੇ ਟੇਲਰ ਦੇ ਹਵਾਲੇ ਨਾਲ ਕਿਹਾ,"ਮੈਨੂੰ ਲਗਦਾ ਹੈ ਕਿ ਉਹ ਵਿਸ਼ਵ ਕ੍ਰਿਕਟ ਵਿੱਚ ਇੱਕ ਬਹੁਤ ਮਜ਼ਬੂਤ ਖਿਡਾਰੀ ਹੈ ਪਰ ਮੈਨੂੰ ਲਗਦਾ ਹੈ ਕਿ ਉਹ ਇੱਕ ਹਮਲਾਵਰ ਕ੍ਰਿਕਟਰ ਅਤੇ ਇੱਕ ਸਟੇਟਸਮੈਨ ਵਿਚਕਾਰ ਇੱਕ ਬਰੀਕ ਰੇਖਾ ਦਾ ਸਨਮਾਨ ਕਰਨ 'ਚ ਕਾਮਯਾਬ ਹੋਇਆ ਹੈ। ਮੈਨੂੰ ਲਗਦਾ ਹੈ ਕਿ ਉਹ ਵਧੀਆ ਕੰਮ ਕਰ ਰਹੇ ਹਨ। "
ਟੇਲਰ ਨੇ ਮੰਨਿਆ ਕਿ ਉਹ ਖੇਡ ਦਾ ਸਭ ਤੋਂ ਮਜ਼ਬੂਤ ਸਖਸ਼ ਹੈ ਅਤੇ ਕਿਹਾ ਕਿ ਇਹ ਖਿਤਾਬ ਉਸ ਲਈ ਸੰਪੂਰਨ ਸੀ। ਉਨ੍ਹਾਂ ਨੇ ਕਿਹਾ,"ਮੇਰਾ ਖਿਆਲ ਹੈ ਕਿ ਉਹ ਇਸ ਜ਼ਿੰਮੇਵਾਰੀ ਦਾ ਸਤਿਕਾਰ ਕਰਦਾ ਹੈ। ਜਦੋਂ ਤੁਸੀਂ ਉਸਨੂੰ ਖੇਡਦੇ ਵੇਖਦੇ ਹੋ ਤਾਂ ਉਹ ਆਪਣੇ ਆਪ ਵਿੱਚ ਕਾਫ਼ੀ ਗੁਆਚ ਜਾਂਦਾ ਹੈ। ਜਦੋਂ ਵੀ ਮੈਂ ਉਸ ਨਾਲ ਗੱਲ ਕਰਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਉਹ ਜਿਹੜੇ ਲੋਕ ਇਸ ਖੇਡ ਨੂੰ ਖੇਡ ਰਹੇ ਹਨ ਜਾਂ ਖੇਡ ਚੁੱਕੇ ਹਨ ਉਹ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਨ।"
ਹਾਲ ਹੀ ਵਿੱਚ ਆਸਟਰੇਲੀਆ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਵੀ ਕੋਹਲੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕੋਹਲੀ ਉਨ੍ਹਾਂ ਸਾਰੇ ਖਿਡਾਰੀਆਂ ਵਿੱਚ ਸਰਬੋਤਮ ਹੈ ਜੋ ਉਸ ਨੇ ਵੇਖਿਆ ਹੈ।