ਦੇਵਾਸ: ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਨਯਾਪੁਰਾ ਇਲਾਕੇ 'ਚ ਸ਼ਨੀਵਾਰ ਸਵੇਰੇ ਇਕ ਘਰ 'ਚ ਲੱਗੀ ਭਿਆਨਕ ਅੱਗ 'ਚ 4 ਲੋਕਾਂ ਦੀ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ 4.30 ਵਜੇ ਵਾਪਰੀ। ਹਾਦਸੇ ਵਿੱਚ ਮਰਨ ਵਾਲੇ ਚਾਰੇ ਲੋਕ ਇੱਕ ਹੀ ਪਰਿਵਾਰ ਨਾਲ ਸਬੰਧਿਤ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਦੇਵਾਸ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਇਸ ਹਾਦਸੇ ਵਿੱਚ ਇੱਥੇ ਰਹਿਣ ਵਾਲੇ ਪਤੀ, ਪਤਨੀ ਅਤੇ ਦੋਵੇਂ ਬੱਚਿਆਂ ਦੀ ਮੌਤ ਹੋ ਗਈ ਹੈ।
ਸਿਲੰਡਰ ਫੱਟਣ ਕਾਰਨ ਹਾਦਸਾ
ਚਸ਼ਮਦੀਦਾਂ ਅਨੁਸਾਰ ਨਯਾਪੁਰਾ ਇਲਾਕੇ ਵਿੱਚ ਇੱਕ ਤਿੰਨ ਮੰਜ਼ਿਲਾ ਮਕਾਨ ਵਿੱਚ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਦੌਰਾਨ ਘਰ 'ਚ ਰੱਖਿਆ ਸਿਲੰਡਰ ਵੀ ਫਟ ਗਿਆ ਅਤੇ ਪੂਰਾ ਇਲਾਕਾ ਧਮਾਕੇ ਨਾਲ ਗੂੰਜ ਉੱਠਿਆ। ਧੂੰਏਂ ਅਤੇ ਧਮਾਕੇ ਦੀ ਆਵਾਜ਼ ਕਾਰਨ ਆਸ-ਪਾਸ ਦੇ ਲੋਕ ਵੀ ਜਾਗ ਗਏ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਤਾਜ਼ਾ ਜਾਣਕਾਰੀ ਮੁਤਾਬਿ 3 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ ਪਰ ਇਸ ਹਾਦਸੇ ਵਿੱਚ ਦਿਨੇਸ਼ ਕਾਰਪੇਂਟਰ (35), ਗਾਇਤਰੀ ਕਾਰਪੇਂਟਰ (30), ਇਸ਼ਿਕਾ (10) ਅਤੇ ਚਿਰਾਗ (7) ਦੀ ਮੌਤ ਹੋ ਗਈ ਹੈ।
ਮੌਕੇ ’ਤੇ ਮੌਜੂਦ ਐਸਪੀ ਅਤੇ ਭਾਰੀ ਪੁਲਿਸ ਫੋਰਸ
ਘਟਨਾ ਦੀ ਸੂਚਨਾ ਮਿਲਦੇ ਹੀ ਭਾਰੀ ਪੁਲਿਸ ਫੋਰਸ, ਜ਼ਿਲਾ ਪ੍ਰਸ਼ਾਸਨ ਦੀਆਂ ਟੀਮਾਂ ਅਤੇ ਪੁਲਿਸ ਸੁਪਰਡੈਂਟ ਪੁਨੀਤ ਗਹਿਲੋਦ ਵੀ ਮੌਕੇ 'ਤੇ ਪਹੁੰਚ ਗਏ। ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਬਚਾਅ ਟੀਮਾਂ ਨੇ ਅੰਦਰ ਜਾ ਕੇ ਦਿਨੇਸ਼ ਕਾਰਪੇਂਟਰ ਦੇ ਪੂਰੇ ਪਰਿਵਾਰ ਨੂੰ ਮ੍ਰਿਤਕ ਪਾਇਆ। ਪੁਲਿਸ ਦਾ ਮੰਨਣਾ ਹੈ ਕਿ ਤੇਜ਼ੀ ਨਾਲ ਫੈਲੀ ਅੱਗ ਕਾਰਨ ਸਾਰਿਆਂ ਦਾ ਦਮ ਘੁੱਟ ਗਿਆ। ਫਿਲਹਾਲ ਪੁਲਿਸ ਪੋਸਟਮਾਰਟਮ ਦੀ ਰਿਪੋਰਟ ਦਾ ਵੀ ਇੰਤਜ਼ਾਰ ਕਰ ਰਹੀ ਹੈ। ਘਟਨਾ ਸਬੰਧੀ ਐਸਪੀ ਪੁਨੀਤ ਗਹਿਲੋਦ ਨੇ ਦੱਸਿਆ ਕਿ ਇੱਥੇ ਡੇਅਰੀ ਸੰਚਾਲਕ ਦਿਨੇਸ਼ ਕਾਰਪੇਂਟਰ ਦਾ ਘਰ ਹੈ, ਉਹ ਹੇਠਾਂ ਦੁਕਾਨ ਚਲਾਉਂਦਾ ਸੀ ਅਤੇ ਉਪਰਲੀ ਮੰਜ਼ਿਲ 'ਤੇ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਇਸ ਹਾਦਸੇ ਵਿੱਚ ਚਾਰੇ ਲੋਕਾਂ ਦੀ ਮੌਤ ਹੋ ਗਈ ਹੈ। ਘਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।