ਫਰੀਦਕੋਟ: ਬੱਬੂ ਮਾਨ ਪੰਜਾਬੀ ਸਿਨੇਮਾਂ ਅਤੇ ਗਾਇਕੀ ਦੇ ਖੇਤਰ ਵਿਚ ਮੁੜ ਵਿਲੱਖਣਤਾ ਭਰੇ ਅੰਦਾਜ਼ ਦਾ ਅਹਿਸਾਸ ਆਪਣੇ ਫੈਨਜ਼, ਸੰਗੀਤ ਪ੍ਰੇਮੀਆਂ ਅਤੇ ਦਰਸ਼ਕਾਂ ਨੂੰ ਕਰਵਾ ਰਹੇ ਹਨ। ਹੁਣ ਬੱਬੂ ਮਾਨ ਦਾ ਨਵਾਂ ਗਾਣਾ '12 B HITH' ਜਲਦ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ਅਤੇ ਚੈੱਨਲਜ਼ ਉਪਰ ਆਵੇਗਾ। 'ਬੁੱਲ 18 ਦੇ ਲੇਬਲ ਅਧੀਨ ਸੰਗ਼ੀਤਕ ਮਾਰਕੀਟ ਵਿੱਚ ਵੱਡੇ ਪੱਧਰ ਉਪਰ ਲਾਂਚ ਕੀਤੇ ਜਾ ਰਹੇ ਇਸ ਟ੍ਰੈਕ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲਾਂ, ਕੰਪੋਜੀਸ਼ਨ ਅਤੇ ਸੰਗ਼ੀਤ ਦੀ ਸਿਰਜਣਾ ਵੀ ਬੱਬੂ ਮਾਨ ਵੱਲੋਂ ਖੁਦ ਕੀਤੀ ਦਿੱਤੀ ਗਈ ਹੈ।
'ਮਾਰਦੇ ਨੇ ਛਾਲਾਂ'
ਹਾਲ ਹੀ ਵਿੱਚ ਜਾਰੀ ਕੀਤੇ ਆਪਣੇ ਗਾਣਿਆਂ 'ਮਾਰਦੇ ਨੇ ਛਾਲਾਂ' ਅਤੇ 'ਰਿਸ਼ਤੇ ਦਾ ਅੰਤ' ਨੂੰ ਲੈ ਕੇ ਸੰਗ਼ੀਤਕ ਗਲਿਆਰਿਆ ਵਿਚ ਖਾਸੀ ਚਰਚਾ ਦਾ ਕੇਂਦਰ ਬਣੇ ਰਹੇ ਹਨ। ਇਹ ਬੇਮਿਸਾਲ ਗੀਤਕਾਰ -ਗਾਇਕ ਅਤੇ ਸੰਗ਼ੀਤਕਾਰ ਜੋ ਸਮੇਂ ਦਰ ਸਮੇਂ ਵਜ਼ੂਦ ਵਿੱਚ ਲਿਆਂਦੇ ਜਾ ਰਹੇ ਅਪਣੇ ਅਨੂੰਠੇ ਸੰਗ਼ੀਤਕ ਪ੍ਰੋਜੈਕਟਸ ਨੂੰ ਲੈ ਕੇ ਵੀ ਸੁਰਖੀਆਂ ਬਟੋਰਦੇ ਆ ਰਹੇ ਹਨ । ਸਾਲ 2024 ਦੇ ਆਖ਼ਰੀ-ਪੜਾਅ ਦੌਰਾਨ ਰਿਲੀਜ਼ ਹੋਈ ਅਤੇ ਅਮਿਤੋਜ਼ ਮਾਨ ਵੱਲੋਂ ਨਿਰਦੇਸ਼ਿਤ ਕੀਤੀ ਪੰਜਾਬੀ ਫ਼ਿਲਮ 'ਸੁੱਚਾ ਸੂਰਮਾ' ਨੇ ਸਿਨੇਮਾਂ ਗਲਿਆਰਿਆ ਵਿੱਚ ਉਨਾਂ ਦੀ ਪੁੱਛ ਪ੍ਰਤੀਤ ਨੂੰ ਹੋਰ ਵਧਾ ਦਿੱਤਾ ਹੈ।
ਬਾਕਮਾਲ ਫ਼ਿਲਮਾਂ
ਖੰਟ ਵਾਲੇ ਮਾਨ ਵੱਲੋਂ ਲਗਾਤਾਰ ਆਪਣੇ ਫੈਨਜ਼ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਫਿਲਮਾਂ ਦਿੱਤੀਆਂ ਜਾ ਰਹੀਆਂ ਹਨ।ਜਿੰਨਾਂ ਵਿੱਚੋਂ 'ਸ਼ੌਕੀ ਸਰਦਾਰ' ਵੀ ਸ਼ਾਮਿਲ ਹੈ। ਜਿਸ ਵਿੱਚ ਗੁਰੂ ਰੰਧਾਵਾ ਅਤੇ ਗੁੱਗੂ ਗਿੱਲ ਜਿਹੇ ਮੰਨੇ-ਪ੍ਰਮੰਨੇ ਸਿਨੇਮਾਂ ਚਿਹਰੇ ਵੀ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ । ਬੀਤੇ ਦਿਨੀ ਅਪਣੀ ਪਲੇਠੀ ਕਾਵਿ ਪੁਸਤਕ 'ਮੇਰਾ ਗ਼ਮ' ਪਾਠਕਾਂ ਸਨਮੁੱਖ ਕਰਨ ਵਾਲੇ ਇਸ ਖੰਟ ਵਾਲੇ ਮਾਨ ਦੀਆਂ ਬਹੁ-ਕਲਾਵਾਂ ਦਾ ਜਾਦੂ ਉਨਾਂ ਦੇ ਪ੍ਰਸੰਸ਼ਕਾਂ ਅਤੇ ਸੰਗ਼ੀਤ ਪ੍ਰੇਮੀਆਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਜਿੰਨਾਂ ਦੀ ਇਸੇ ਮਕਬੂਲੀਅਤ ਭਰੇ ਗ੍ਰਾਫ਼ ਨੂੰ ਹੋਰ ਪ੍ਰਭਾਵੀ ਰੰਗ ਦੇਵੇਗਾ ਉਨ੍ਹਾਂ ਦਾ ਨਵਾਂ ਗੀਤ 12ਬੀ ਹਿੱਟ। ਇਸ ਗੀਤ ਦੀ ਪਹਿਲੀ ਝਲਕ ਨੇ ਉਨ੍ਹਾਂ ਦੇ ਫੈਨਜ਼ ਦੀ ਉਤਸੁਕਤਾ ਨੂੰ ਹੋਰ ਵੀ ਵਧਾ ਦਿੱਤਾ ਹੈ ।