ਕਰਾਚੀ: ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਜਾਵੇਦ ਮਿਆਂਦਾਦ ਦਾ ਕਹਿਣਾ ਹੈ ਕਿ ਆਈਸੀਸੀ ਨੂੰ ਵੱਡਾ ਕਦਮ ਚੁੱਕਣਾ ਚਾਹੀਦਾ ਹੈ ਅਤੇ ਭਾਰਤ ਵਿੱਚ ਸਾਰੇ ਦੇਸ਼ਾਂ ਨੂੰ ਖੇਡਣ ਤੋਂ ਰੋਕਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਕਾਰਨ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਕਾਰਨ ਕਿਹਾ ਹੈ।
62 ਸਾਲਾ ਮਿਆਂਦਾਦ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਸਜ਼ਾ ਪਾਕਿਸਤਾਨ ਨੂੰ ਦਿੱਤੀ ਗਈ ਹੈ ਉਹ ਭਾਰਤ ਨੂੰ ਵੀ ਦਿੱਤੀ ਜਾਣੀ ਚਾਹੀਦੀ ਹੈ। ਮਿਆਂਦਾਦ ਨੇ ਇੱਕ ਵੀਡੀਓ ਵਿੱਚ ਕਿਹਾ, "ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਵਿੱਚ ਕੀ ਹੋ ਰਿਹਾ ਹੈ। ਮੈਂ ਚਾਹੁੰਦਾ ਹਾਂ ਕਿ ਆਈਸੀਸੀ ਇਸ ਦਾ ਬਾਈਕਾਟ ਕਰੇ। ਸਿਰਫ਼ ਪਾਕਿਸਤਾਨ ਹੀ ਨਹੀਂ, ਭਾਰਤ ਕਿਸੇ ਲਈ ਸੁਰੱਖਿਅਤ ਦੇਸ਼ ਨਹੀਂ ਹੈ।"
ਇਹ ਵੀ ਪੜ੍ਹੋ: CAA Protest: ਜਾਮਾ ਮਸਜਿਦ 'ਚ ਵਿਰੋਧ ਪ੍ਰਦਰਸ਼ਨ, ਦਿੱਲੀ ਦੇ ਕਈ ਇਲਾਕਿਆਂ 'ਚ ਕਰੜੀ ਸੁਰੱਖਿਆ
ਮਿਆਂਦਾਦ ਨੇ ਅੱਗੇ ਕਿਹਾ, "ਪੂਰੀ ਦੁਨੀਆ ਦੇਖ ਰਹੀ ਹੈ ਕਿ ਉਥੇ ਜੋ ਕੁੱਝ ਹੋ ਰਿਹਾ ਹੈ। ਪਾਕਿਸਤਾਨ ਵੱਲੋਂ ਮੈਂ ਕਹਿੰਦਾ ਹਾਂ ਕਿ ਭਾਰਤ ਵਿੱਚ ਜੋ ਵੀ ਮੈਚ ਹੋ ਰਹੇ ਹਨ ਉਹ ਨਹੀਂ ਹੋਣੇ ਚਾਹੀਦੇ। ਸਾਰੇ ਦੇਸ਼ਾਂ ਨੂੰ ਇਸ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।"
ਇਸ ਮਾਮਲੇ 'ਤੇ ਸਿਰਫ ਮਿਆਂਦਾਦ ਹੀ ਨਹੀਂ ਬੋਲੇ ਬਲਕਿ ਉਸ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਅਹਿਸਾਨ ਮਨੀ ਵੀ ਗੱਲ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੋਂ ਵੱਧ ਭਾਰਤ ਵਿਚ ਸੁਰੱਖਿਆ ਨੂੰ ਖ਼ਤਰਾ ਹੈ।