ਨਵੀਂ ਦਿੱਲੀ : ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ਉੱਤੇ ਛਾਇਆ ਹੋਇਆ ਹੈ, ਇਸ ਦੇ ਕਾਰਨ ਖੇਡ ਜਗਤ ਦੇ ਲਗਭਗ ਸਾਰੇ ਟੂਰਨਾਮੈਂਟਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਅਜਿਹੇ ਵਿੱਚ ਖਿਡਾਰੀ ਅਤੇ ਸਾਬਕਾ ਖਿਡਾਰੀ ਆਪਣੇ-ਆਪਣੇ ਘਰਾਂ ਵਿੱਚ ਹਨ ਅਤੇ ਕੁੱਝ ਨਾ ਕੁੱਝ ਕਰ ਕੇ ਖ਼ੁਦ ਨੂੰ ਵਿਅਸਤ ਰੱਖ ਰਹੇ ਹਨ। ਇਸੇ ਦਰਮਿਆਨ ਸੋਸ਼ਲ ਮੀਡਿਆ ਉੱਤੇ ਹਰ ਦਿਨ ਵੀਡੀਓ ਅਤੇ ਫ਼ੋਟੋਆ ਸਾਂਝੀਆਂ ਕਰਦੇ ਹਨ।
ਭਾਰਤ ਦੇ ਸਾਬਕਾ ਕ੍ਰਿਕਟਰ ਇਰਫ਼ਾਨ ਪਠਾਨ ਨੇ ਵੀ ਇੱਕ ਅਜਿਹਾ ਵੀਡੀਓ ਸਾਂਝਾ ਕੀਤਾ ਹੈ ਜਿਸ ਨੂੰ ਚਹੇਤਿਆਂ ਨੇ ਕਾਫ਼ੀ ਪਸੰਦ ਕੀਤਾ ਹੈ। ਇਸ ਵੀਡੀਓ ਵਿੱਚ ਉਹ ਆਪਣੇ ਪਿਤਾ ਦੇ ਵਾਲ ਕੱਟ ਰਹੇ ਹਨ।
ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਘਰ ਦਾ ਨਾਈ। ਵੀਡੀਓ ਵਿੱਚ ਉਹ ਆਪਣੇ ਪਿਤਾ ਨੂੰ ਕੁਰਸੀ ਉੱਤੇ ਬਿਠਾ ਕੇ ਪੁੱਛਦੇ ਹਨ ਕਿ ਖ਼ਾਨ ਸਾਬ੍ਹ ਦੱਸੋ ਕੀ ਕਰਨਾ ਹੈ? ਇਸ ਉੱਤੇ ਉਨ੍ਹਾਂ ਦੇ ਪਿਤਾ ਕਹਿੰਦੇ ਹਨ ਹਜ਼ਾਮਤ ਕਰ ਦਿਓ। ਇਰਫ਼ਾਨ ਕਹਿੰਦੇ ਹਨ ਵੈਸੇ ਤਾਂ ਪਾਪਾ ਬਾਹਰ ਨਾਈ ਦੇ ਕੋਲ ਜਾਂਦੇ ਹਨ ਅਤੇ ਆਪਣੀ ਸ਼ੇਵਿੰਗ ਕਰਵਾਉਂਦੇ ਹਨ, ਪਰ ਲਾਕਡਾਊਨ ਦੇ ਕਾਰਨ ਉਨ੍ਹਾਂ ਦੇ ਕੋਲ ਸਿਰਫ਼ ਮੈਂ ਹੀ ਵਿਕਲਪ ਬਚਿਆ ਹਾਂ।
- https://www.instagram.com/p/B-gtjmYBKr3/?utm_source=ig_web_copy_link
ਫ਼ਿਰ ਇਰਫ਼ਾਨ ਕੰਮ ਵਿੱਚ ਲੱਗ ਜਾਂਦੇ ਹਨ। ਕੁੱਝ ਹੀ ਦੇਰ ਵਿੱਚ ਉਹ ਆਪਣੇ ਪਿਤਾ ਦੀ ਹਜ਼ਾਮਤ ਕਰ ਦਿੰਦੇ ਹਨ। ਇਸ ਉੱਤੇ ਉਨ੍ਹਾਂ ਦੇ ਪਿਤਾ ਕਹਿੰਦੇ ਹਨ-ਚੱਲੋ ਕ੍ਰਿਕਟ ਨਹੀਂ ਤਾਂ ਇਹ ਹੀ ਸਹੀ। ਪਾਪਾ ਦੀ ਗੱਲ ਸੁਣ ਕੇ ਇਰਫ਼ਾਨ ਪਠਾਨ ਹੱਸਣ ਲੱਗਦੇ ਹਨ। ਇਰਫ਼ਾਨ ਨੇ ਪਹਿਲਾਂ ਅਤੇ ਸ਼ੇਵਿੰਗ ਤੋਂ ਬਾਅਦ ਦੀ ਫ਼ੋਟੋ ਵੀ ਸਾਂਝੀ ਕੀਤੀ ਹੈ।
ਏਨਾ ਹੀ ਨਹੀਂ ਅਜਿਹੇ ਵਿੱਚ ਕਪਤਾਨ ਵਿਰਾਟ ਕੋਹਲੀ ਵੀ ਸੋਸ਼ਲ ਮੀਡਿਆ ਉੱਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਕਿਉਟ ਫ਼ੋਟੋ ਸਾਂਝੀ ਕੀਤੀ ਸੀ। ਇਸੇ ਤਰ੍ਹਾਂ ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ ਵਰਗੇ ਕਈ ਖਿਡਾਰੀਆਂ ਨੇ ਵੀ ਫ਼ੋਟੋ ਅਤੇ ਵੀਡੀਓ ਸਾਂਝੀ ਕੀਤੀ ਹੈ.
ਗੌਰਤਲਬ ਹੈ ਕਿ ਕੋਰੋਨਾ ਵਾਇਰਸ ਨਾਲ ਦੁਨੀਆਂ ਭਰ ਵਿੱਚ 10 ਲੱਖ ਤੋਂ ਜ਼ਿਆਦਾ ਲੋਕ ਗ੍ਰਸਤ ਹਨ, ਜਦਕਿ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।