ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਆਈਪੀਐਲ ਫਰੈਂਚਾਇਜ਼ੀਜ਼ ਨੂੰ ਸਪੱਸ਼ਟ ਕੀਤਾ ਕਿ ਕੋਈ ਵੀ ਟੀਮ 20 ਅਗਸਤ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ (ਯੂਏਈ) ਲਈ ਰਵਾਨਾ ਨਹੀਂ ਹੋਵੇਗੀ।
ਇਸ ਤੋਂ ਪਹਿਲਾਂ ਅਜਿਹੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ ਕਿ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ 10 ਜਾਂ 12 ਅਗਸਤ ਨੂੰ ਅਬੂਧਾਬੀ ਦੇ ਲਈ ਰਵਾਨਾ ਹੋ ਸਕਦੀਆਂ ਹਨ ਪਰ ਹੁਣ ਉਨ੍ਹਾਂ ਨੂੰ ਆਪਣੀ ਯੋਜਨਾ ਮੁਲਤਵੀ ਕਰਨੀ ਪਏਗੀ।
ਫਰੈਂਚਾਇਜ਼ੀ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਆਈਪੀਐਲ ਗਵਰਨਿੰਗ ਕੌਂਸਲ ਨੇ ਇੱਕ ਮੇਲ ਭੇਜਿਆ ਹੈ, ਜਿਸ ਵਿੱਚ ਸਾਫ ਤੌਰ 'ਤੇ ਕਿਹਾ ਗਿਆ ਹੈ ਕਿ ਕੋਈ ਵੀ ਟੀਮ 20 ਅਗਸਤ ਤੋਂ ਪਹਿਲਾਂ ਯੂਏਈ ਲਈ ਨਹੀਂ ਰਵਾਨਾ ਹੋ ਸਕਦੀ।
ਅਧਿਕਾਰੀ ਨੇ ਕਿਹਾ, "ਸਾਨੂੰ ਆਈਪੀਐਲ ਜੀਸੀ ਵੱਲੋਂ ਮਿਲੇ ਮੇਲ ਵਿੱਚ ਇਹ ਦੱਸਿਆ ਗਿਆ ਹੈ ਕਿ ਅਸੀਂ 20 ਅਗਸਤ ਤੋਂ ਬਾਅਦ ਯੂਏਈ ਲਈ ਰਵਾਨਾ ਹੋ ਸਕਦੇ ਹਾਂ। ਇਸ ਲਈ ਇਸ ਤੋਂ ਪਹਿਲਾਂ ਕਿਸੇ ਦਾ ਵੀ ਉਥੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇੱਥੇ ਨਿਰਦੇਸ਼ ਸਾਫ਼ ਹਨ।”
ਬੀਸੀਸੀਆਈ ਨੇ ਕ੍ਰਿਕਟ ਦੀ ਬਹਾਲੀ ਲਈ ਰਾਜ ਦੀਆਂ ਐਸੋਸੀਏਸ਼ਨਾਂ ਦੇ ਲਈ ਐਤਵਾਰ ਨੂੰ ਕੋਰੋਨਾ ਵਾਇਰਸ ਕਾਰਨ ਲਾਗੂ ਕਰਨ ਲਈ ਇੱਕ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ (ਐਸਓਪੀ) ਜਾਰੀ ਕੀਤੀ। ਇਹ ਐਸਓਪੀ ਰਾਜ ਦੀਆਂ ਕ੍ਰਿਕਟ ਐਸੋਸੀਏਸ਼ਨਾਂ ਨੂੰ ਕ੍ਰਿਕਟ ਦੀਆਂ ਗਤੀਵਿਧੀਆਂ ਮੁੜ ਸ਼ੁਰੂ ਕਰਨ ਵਿੱਚ ਮਦਦ ਕਰੇਗੀ, ਪਰ ਖਿਡਾਰੀਆਂ ਨੂੰ ਸਿਖਲਾਈ ਸ਼ੁਰੂ ਕਰਨ ਤੋਂ ਪਹਿਲਾਂ ਸਹਿਮਤੀ ਫਾਰਮ ਉੱਤੇ ਦਸਤਖ਼ਤ ਕਰਨੇ ਹੋਣਗੇ।
ਅਧਿਕਾਰੀ ਨੇ ਕਿਹਾ, “ਸਾਨੂੰ ਅਜੇ ਤੱਕ ਐਸ.ਓ.ਪੀ. ਪ੍ਰਾਪਤ ਨਹੀਂ ਹੋਇਆ, ਪਰ ਸਾਨੂੰ ਤਿਆਰੀਆਂ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਵੀਜ਼ਾ ਪ੍ਰਕਿਰਿਆ ਕੱਲ ਤੋਂ ਸ਼ੁਰੂ ਹੋ ਜਾਵੇਗੀ। ਹੋਟਲ ਪਹਿਲਾਂ ਹੀ ਬਲਾਕ ਕਰ ਦਿੱਤੇ ਗਏ ਹਨ, ਇਸ ਲਈ ਕੋਈ ਸਮੱਸਿਆ ਨਹੀਂ ਹੈ।"
ਬੀਸੀਸੀਆਈ ਯੂਏਈ ਵਿੱਚ ਟੂਰਨਾਮੈਂਟ ਕਰਵਾਉਣ ਲਈ ਆਉਣ ਵਾਲੇ ਹਫ਼ਤੇ ਵਿੱਚ ਸਰਕਾਰ ਤੋਂ ਪੂਰੀ ਮਨਜ਼ੂਰੀ ਲੈਣ ਬਾਰੇ ਵੀ ਸਕਾਰਾਤਮਕ ਹੈ।
ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਮੀਡੀਆ ਨੂੰ ਦੱਸਿਆ, "ਬੀਸੀਸੀਆਈ ਨੂੰ ਖੇਡ ਮੰਤਰਾਲੇ ਤੋਂ ਮਨਜ਼ੂਰੀ ਮਿਲ ਗਈ ਹੈ ਅਤੇ ਸਾਨੂੰ ਹੋਰ ਮੰਤਰਾਲਿਆਂ ਤੋਂ ਵੀ ਪ੍ਰਵਾਨਗੀ ਮਿਲਣ ਦੀ ਉਮੀਦ ਹੈ।"
ਇਹ ਵੀ ਪੜ੍ਹੋ:ENG vs IRE, 2nd ODI: ਇੰਗਲੈਂਡ ਨੇ ਆਇਰਲੈਂਡ ਨੂੰ 4 ਵਿਕਟਾਂ ਨਾਲ ਦਿੱਤੀ ਮਾਤ