ਨਵੀਂ ਦਿੱਲੀ: ਭਾਰਤ ਨੇ ਆਪਣੇ ਦੂਜਾ ਵਨਡੇ ਮੈਚ 'ਚ ਵੈਸਟ ਇੰਡੀਜ਼ ਨੂੰ 59 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 50 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 279 ਦੌੜਾਂ ਬਣਾਈਆਂ ਸਨ। 280 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਵੈਸਟ ਇੰਡੀਜ਼ ਦੀ ਟੀਮ 42 ਓਵਰਾਂ ਵਿੱਚ 10 ਵਿਕਟਾਂ ਦੇ ਨੁਕਸਾਨ 'ਤੇ 210 ਦੌੜਾਂ ਹੀ ਬਣਾ ਸਕੀ।
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਅੰਦਾਜ਼ 'ਚ ਸੈਂਕੜਾ ਬਣਾਇਆ। ਵਿਰਾਟ ਕੋਹਲੀ ਨੇ ਵਨਡੇ ਕੌਮਾਂਤਰੀ ਕਰੀਅਰ ਦੇ 42ਵੇਂ ਸੈਂਕੜਾ ਮਾਰਿਆ। ਇਹ ਮੌਜੂਦਾ ਵਨਡੇ ਸੀਰੀਜ਼ ਵਿੱਚ ਕੋਹਲੀ ਦਾ ਪਹਿਲਾ ਸੈਂਕੜਾ ਹੈ। ਵੈਸਟਇੰਡੀਜ਼ ਦੇ ਖਿਲਾਫ਼ ਵਿਰਾਟ ਨੇ 112 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ। ਇਸ ਦੌਰਾਨ ਉਸਨੇ 10 ਚੌਕੇ ਅਤੇ ਇੱਕ 6 ਮਾਰਿਆ।
ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਦੂਜਾ ਵਨਡੇ ਮੈਚ ਤ੍ਰਿਨਿਦਾਦ ਦੇ ਪੋਰਟ ਆਫ਼ ਸਪੇਨ ਕਵੀਂਸ ਪਾਰਕ ਓਵਲ ਸਟੇਡੀਅਮ ਚ ਖੇਡਿਆ ਗਿਆ। ਭਾਰਤ ਨੇ ਮੈਚ ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਵੈਸਟ ਇੰਡੀਜ਼ ਸਾਹਮਣੇ ਜਿੱਤ ਦੇ ਲਈ 280 ਦੌੜਾਂ ਦਾ ਟੀਚਾ ਰਖਿਆ ਸੀ। ਦੱਸਣਯੋਗ ਹੈ ਕਿ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾਂ ਮੁਕਾਬਲਾ ਮੀਂਹ ਦੀ ਭੇਟ ਚੜ੍ਹ ਗਿਆ ਸੀ।
ਗਯਾਨਾ ਦੇ ਪ੍ਰੋਵਿਡੇਂਸ ਕ੍ਰਿਕੇਟ ਸਟੇਡੀਅਮ 'ਚ ਖੇਡੇ ਗਏ ਇਸ ਮੁਕਾਬਲੇ 'ਚ ਸਿਰਫ 13 ਓਵਰਾਂ ਦੀ ਗੇਂਦਬਾਜ਼ੀ ਹੋ ਸਕੀ ਸੀ। ਭਾਰਤੀ ਕ੍ਰਿਕਟ ਟੀਮ ਨੇ ਆਪਣੇ ਇਸ ਦੌਰੇ ਦੀ ਜੇਤੂ ਸ਼ੁਰੂਆਤ ਕਰਦਿਆਂ ਹੋਇਆਂ ਟੀ20 ਸੀਰੀਜ਼ ਚ 3-0 ਤੋਂ ਕਲੀਨ ਸਵੀਪ ਕੀਤਾ ਸੀ। ਭਾਰਤੀ ਟੀਮ ਦੀ ਕੋਸ਼ਿਸ਼ ਵਨਡੇ ਸੀਰੀਜ਼ ਤੇ ਵੀ ਕਬਜ਼ਾ ਜਮਾਉਣ ਦੀ ਹੋਵੇਗੀ।