ਪਟਿਆਲਾ : ਪੰਜਾਬ ਵਿੱਚ ਨਗਰ ਨਿਗਮ ਚੋਣ ਨਤੀਜੇ ਐਲਾਨੇ ਜਾ ਚੁੱਕੇ ਹਨ। ਪਟਿਆਲਾ 36 ਫੀਸਦੀ ਵੋਟਿੰਗ ਦਰਜ ਹੋਈ ਹੈ। ਨਗਰ ਪੰਚਾਇਤ ਘੱਗਾ ਦੀਆਂ 12 ਵਾਰਡਾਂ ਲਈ 77.06 ਫ਼ੀਸਦੀ ਵੋਟਿੰਗ ਹੋਈ ਹੈ, ਜਦਕਿ ਭਾਦਸੋਂ ਨਗਰ ਪੰਚਾਇਤ ਦੀਆਂ 11 ਵਾਰਡਾਂ ਲਈ 74.26 ਫ਼ੀਸਦੀ ਵੋਟਾਂ ਪਈਆਂ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਦੱਸਿਆ। ਉਨ੍ਹਾਂ ਦੱਸਿਆ ਕਿ ਰਾਜਪੁਰਾ, ਨਾਭਾ ਤੇ ਪਾਤੜਾਂ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਨਗਰ ਪੰਚਾਇਤ ਘੱਗਾ ਦੀ ਚੋਣ 'ਚ ਆਪ ਦੇ 8, ਆਜ਼ਾਦ 4 ਤੇ ਕਾਂਗਰਸ ਦਾ 1 ਉਮੀਦਵਾਰ ਜੇਤੂ ਰਹਿਣ ਸਮੇਤ ਭਾਦਸੋਂ ਨਗਰ ਪੰਚਾਇਤ 'ਚ ਆਪ ਦੇ 5, ਆਜ਼ਾਦ 3 ਤੇ ਬੀ.ਜੇ.ਪੀ. ਦੇ 2 ਤੇ ਅਕਾਲੀ ਦਲ ਦਾ 1 ਉਮੀਦਵਾਰ ਜੇਤੂ ਰਹੇ ਹਨ।
ਨਗਰ ਪੰਚਾਇਤ ਘੱਗਾ ਤੋਂ ਜੇਤੂਆਂ ਦੀ ਲਿਸਟ
ਨਗਰ ਪੰਚਾਇਤ ਘੱਗਾ ਦੇ ਆਰ.ਓ. ਐਸ.ਡੀ.ਐਮ ਸਮਾਣਾ ਤਰਸੇਮ ਚੰਦ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ।
- ਵਾਰਡ ਨੰਬਰ 1 ਅਜ਼ਾਦ ਉਮੀਦਵਾਰ ਕੁਲਦੀਪ ਕੌਰ।
- ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿਰਵਿਰੋਧ ਜੇਤੂ ਰਹੇ ਸਨ।
- ਵਾਰਡ ਨੰਬਰ 3 ਤੋਂ ਆਪ ਦੀ ਕੁਲਵਿੰਦਰ ਕੌਰ ਜਿੱਤੀ
- ਵਾਰਡ ਨੰਬਰ 4 ਤੋਂ ਆਪ ਦੇ ਸ਼ਕਤੀ ਗੋਇਲ ਜੇਤੂ।
- ਵਾਰਡ ਨੰਬਰ 5 ਤੋਂ ਆਜ਼ਾਦ ਤਰਵਿੰਦਰ ਸਿੰਘ ਜੇਤੂ।
- ਵਾਰਡ ਨੰਬਰ 6 ਤੋਂ ਆਪ ਦੇ ਜਸਵੰਤ ਸਿੰਘ ਜਿੱਤੇ।
- ਵਾਰਡ ਨੰਬਰ 7 ਤੋਂ ਆਪ ਦੇ ਬਲਜੀਤ ਕੌਰ ਜਿੱਤੇ।
- ਵਾਰਡ ਨੰਬਰ 8 ਨੰਬਰ ਵਾਰਡ ਤੋਂ ਆਜ਼ਾਦ ਹਰਮੇਲ ਸਿੰਘ ਜਿੱਤੇ।
- ਵਾਰਡ ਨੰਬਰ 9 ਤੋਂ ਕਾਂਗਰਸ ਦੇ ਸੋਨੀ ਕੌਰ ਜਿੱਤੇ।
- ਵਾਰਡ ਨੰਬਰ 10 ਤੋਂ ਆਪ ਦੇ ਹਰਪਾਲ ਕੌਰ ਜਿੱਤੇ।
- ਵਾਰਡ ਨੰਬਰ 11 ਤੋਂ ਆਪ ਦੇ ਗੁਰਜੀਤ ਕੌਰ ਜਿੱਤੀ।
- ਵਾਰਡ ਨੰਬਰ 12 ਤੋਂ ਆਪ ਦੇ ਮਿੱਠੂ ਸਿੰਘ ਜਿੱਤੇ।
- ਵਾਰਡ ਨੰਬਰ 13 ਤੋਂ ਆਜ਼ਾਦ ਅਮਨਦੀਪ ਕੌਰ ਜੇਤੂ ਰਹੇ ਹਨ।
ਨਗਰ ਪੰਚਾਇਤ ਭਾਦਸੋਂ ਦਾ ਨਤੀਜਾ
ਨਗਰ ਪੰਚਾਇਤ ਭਾਦਸੋਂ ਦੇ ਆਰ.ਓ. ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਇੱਥੇ ਵਾਰਡ ਨੰਬਰ 1 ਤੋਂ ਆਪ ਦੇ ਰੁਪਿੰਦਰ ਸਿੰਘ, ਵਾਰਡ ਨੰਬਰ 2 ਤੋਂ ਭਾਰਤੀ ਜਨਤਾ ਪਾਰਟੀ ਦੇ ਕਿਰਨ ਗੁਪਤਾ, ਵਾਰਡ ਨੰਬਰ 3 ਤੋਂ ਆਜ਼ਾਦ ਗੁਰਜੋਗਾ ਸਿੰਘ, ਵਾਰਡ ਨੰਬਰ 4 ਤੋਂ ਆਪ ਦੇ ਬਲਜਿੰਦਰ ਕੌਰ, ਵਾਰਡ ਨੰਬਰ 5 ਤੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰੇਮ ਚੰਦ, ਵਾਰਡ ਨੰਬਰ 6 ਤੋਂ ਭਾਰਤੀ ਜਨਤਾ ਪਾਰਟੀ ਦੇ ਅਮਰਜੀਤ ਸਿੰਘ, ਵਾਰਡ ਨੰਬਰ 7 ਆਜ਼ਾਦ ਹਰਸ਼ਿਤ, ਵਾਰਡ ਨੰਬਰ 8 ਤੋਂ ਆਪ ਦੇ ਸਤਵਿੰਦਰ ਕੌਰ, ਵਾਰਡ ਨੰਬਰ 9 ਤੋਂ ਆਜ਼ਾਦ ਨਿਰਮਲਾ ਰਾਣੀ, ਵਾਰਡ ਨੰਬਰ 10 ਤੋਂ ਆਪ ਦੀ ਮਧੂ ਬਾਲਾ ਅਤੇ 11 ਤੋਂ ਆਪ ਦੇ ਸਤਨਾਮ ਸਿੰਘ ਜੇਤੂ ਰਹੇ ਹਨ।
ਪਾਤੜਾਂ ਦੇ ਚੋਣ ਨਤੀਜੇ
ਪਾਤੜਾਂ ਦੀ 16 ਨੰਬਰ ਵਾਰਡ ਦੇ ਆਰ.ਓ. ਐਸ.ਡੀ.ਐਮ. ਅਸ਼ੋਕ ਕੁਮਾਰ ਨੇ ਦੱਸਿਆ ਕਿ ਆਮ ਆਦਮੀ ਕ੍ਰਿਸ਼ਨ ਕੁਮਾਰ ਨੇ ਜਿੱਤ ਹਾਸਲ ਕੀਤੀ ਅਤੇ ਇੱਥੇ 67 ਫ਼ੀਸਦੀ ਵੋਟਾਂ ਪਈਆਂ ਹਨ। ਨਾਭਾ ਦੀ ਵਾਰਡ ਨੰਬਰ 6 ਦੇ ਰਿਟਰਨਿੰਗ ਅਫ਼ਸਰ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਆਪ ਹਿਤੇਸ਼ ਖੱਟਰ ਨੇ ਜਿੱਤ ਹਾਸਲ ਕੀਤੀ। ਜਦਕਿ ਰਾਜਪੁਰਾ ਦੀ ਵਾਰਡ ਨੰਬਰ 2 ਦੇ ਆਰ.ਓ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੁਖਚੈਨ ਸਿੰਘ ਸਰਵਾਰਾ ਨੇ ਜਿੱਤ ਹਾਸਲ ਕੀਤੀ ਹੈ।
- ਫਾਈਨਲ ਵੋਟਿੰਗ ਫੀਸਦ - 36 ਫੀਸਦੀ ਵੋਟਿੰਗ ਦਰਜ
MC ਪਟਿਆਲਾ -33%
NP ਭਾਦਸੋਂ-74%
NP ਘੱਗਾ-78%
MC ਨਾਭਾ-53%
MC ਪਾਤਰਾਂ-67%
MC ਰਾਜਪੁਰਾ -54%
ਪਟਿਆਲਾ ਦੇ 7 ਵਾਰਡਾਂ ਦੀਆਂ ਚੋਣਾਂ ਰੱਦ
ਪਟਿਆਲਾ ਨਗਰ ਨਿਗਮ ਦੇ ਸੱਤ ਵਾਰਡਾਂ ਵਿੱਚ ਚੋਣਾਂ ਨਹੀਂ ਹੋਣਗੀਆਂ। ਇਨ੍ਹਾਂ ਵਾਰਡਾਂ ਵਿੱਚ ਵਾਰਡ ਨੰਬਰ 1, 32, 33, 36, 41, 48 ਅਤੇ 50 ਸ਼ਾਮਲ ਹਨ। ਕਿਉਂਕਿ ਨਾਮਜ਼ਦਗੀ ਪ੍ਰਕਿਰਿਆ ਦੇ ਆਖਰੀ ਦਿਨ ਇੱਥੇ ਕਾਫੀ ਹਫੜਾ-ਦਫੜੀ ਮੱਚ ਗਈ ਸੀ। ਇੱਥੋਂ ਤੱਕ ਕਿ ਕਈ ਲੋਕਾਂ ਦੀਆਂ ਫਾਈਲਾਂ ਵੀ ਦਾਖਲਾ ਸਥਾਨ ਦੇ ਬਾਹਰ ਹੀ ਖੋਹ ਲਈਆਂ ਗਈਆਂ। ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਸੀ। ਇਸ ਤੋਂ ਬਾਅਦ ਹਾਈਕੋਰਟ ਨੇ ਇਹ ਹੁਕਮ ਦਿੱਤੇ ਹਨ।
ਵਾਰਡ 34 'ਚ ਭਾਜਪਾ ਉਮੀਦਵਾਰ ਨੇ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼
ਪਟਿਆਲਾ ਦੇ ਵਾਰਡ ਨੰਬਰ 34 ਵਿੱਚ ਵੀ ਹੰਗਾਮਾ ਹੋਇਆ ਹੈ। ਬੀਜੇਪੀ ਉਮੀਦਵਾਰ ਸੁਸ਼ੀਲ ਨਈਅਰ ਨੇ ਖੁਦ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਰੋਕ ਲਿਆ। ਪੁਲਿਸ ਉਨ੍ਹਾਂ ਨੂੰ ਵੀ ਆਪਣੇ ਨਾਲ ਲੈ ਗਈ। ਉਨ੍ਹਾਂ ਦਾ ਦੋਸ਼ ਸੀ ਕਿ ਉਥੇ ਕੁਝ ਲੋਕ ਜਾਅਲੀ ਵੋਟਾਂ ਪਾ ਰਹੇ ਹਨ। ਮੌਕੇ 'ਤੇ ਐਂਬੂਲੈਂਸ ਵੀ ਪਹੁੰਚ ਗਈ ਹੈ। ਭਾਜਪਾ ਆਗੂ ਜੈਇੰਦਰ ਕੌਰ ਵੀ ਮੌਕੇ ’ਤੇ ਪਹੁੰਚ ਗਏ ਹਨ।
ਵਾਰਡ ਨੰਬਰ 40 ਵਿੱਚ ਚੋਣ ਜ਼ਾਬਤੇ ਦੀ ਉਲੰਘਣਾ
ਵਿਧਾਇਕ ਘਨੌਰ ਗੁਰਲਾਲ ਸਿੰਘ ਅਤੇ ਵਿਧਾਇਕ ਸਨੌਰ ਚੇਤਨ ਸਿੰਘ ਜੌੜਾਮਾਜਰਾ ਵਾਰਡ ਨੰਬਰ 40 ਵਿੱਚ ਘੁੰਮਦੇ ਹੋਏ ਅਤੇ ਵੋਟਿੰਗ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੇ ਇਲਜ਼ਾਮ ਲੱਗੇ ਹਨ। ਚੋਣ ਜ਼ਾਬਤੇ ਦੇ ਤਹਿਤ ਬਾਹਰੀ ਲੋਕਾਂ ਨੂੰ ਵੋਟਿੰਗ ਵਾਲੇ ਸਥਾਨਾਂ 'ਤੇ ਜਾਣ 'ਤੇ ਸਖ਼ਤ ਪਾਬੰਦੀ ਹੈ। ਭਾਜਪਾ ਆਗੂ ਜੈ ਇੰਦਰ ਕੌਰ ਆਪਣੇ ਸਮਰਥਕਾਂ ਸਮੇਤ ਪਟਿਆਲਾ ਦੇ ਵਾਰਡ ਨੰਬਰ 40 ਵਿੱਚ ਪਹੁੰਚ ਗਈ ਹੈ। ਸਵੇਰੇ ਵੋਟਿੰਗ ਤੋਂ ਪਹਿਲਾਂ ਇੱਥੇ ਝੜਪ ਹੋ ਗਈ। ਜੈਇੰਦਰ ਕੌਰ ਨੇ ਕਿਹਾ ਕਿ ਸਾਡੇ ਉਮੀਦਵਾਰ ਦਾ ਫੋਨ ਆਇਆ ਹੈ। ਲੋਕ ਬਾਹਰੋਂ ਇੱਟਾਂ ਅਤੇ ਤਲਵਾਰਾਂ ਲੈ ਕੇ ਆਏ ਸਨ। ਜਿੱਥੇ ਬੂਥ ਬਣਾਏ ਜਾਣੇ ਸਨ। ਉਥੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਬੀਐਸਐਫ ਦਾ ਇੱਕ ਜਵਾਨ ਅਤੇ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ।