ਹੈਦਰਾਬਾਦ : ਅੱਜ ਭਾਰਤੀ ਕ੍ਰਿਕਟ ਟੀਮ ਅਤੇ ਆਈਪੀਐੱਲ ਦੀ ਮੁੰਬਈ ਟੀਮ ਦੇ ਸਟਾਰ ਅਤੇ ਹਰਫ਼ਨਮੌਲਾ ਖਿਡਾਰੀ ਹਾਰਦਿਕ ਪਾਂਡਿਆ 26 ਸਾਲਾ ਦੇ ਹੋ ਗਏ ਹਨ। ਟੀਮ ਇੰਡੀਆ ਵਿੱਚ ਕੁੰਗ ਫੂ ਪਾਂਡਿਆ ਦੇ ਨਾਂਅ ਨਾਲ ਮਸ਼ਹੂਰ ਕ੍ਰਿਕਟਰ ਕੋਲ ਅੱਜ ਕਿਸੇ ਵੀ ਚੀਜ਼ ਦੀ ਘਾਟ ਨਹੀਂ ਹੈ, ਪਰ ਇੱਕ ਸਮਾਂ ਸੀ ਜਦੋਂ ਉਨ੍ਹਾਂ ਨੇ ਗ਼ਰੀਬੀ ਨੂੰ ਕਾਫ਼ੀ ਨਜ਼ਦੀਕੀ ਤੋਂ ਦੇਖੀ ਹੈ।
ਇਸ ਗੱਲ ਦਾ ਖ਼ੁਲਾਸਾ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਪੋਸਟ ਅਤੇ ਇੰਟਰਵਿਊ ਵਿੱਚ ਕੀਤਾ ਹੈ, ਉਨ੍ਹਾਂ ਦੱਸਿਆ ਕਿ ਉਹ ਮੈਗੀ ਖਾ ਕੇ ਗੁਜ਼ਾਰਾ ਕਰਦੇ ਸਨ। ਟਰੱਕ ਵਾਲਿਆਂ ਤੋ ਲਿਫ਼ਟ ਲੈ ਕੇ ਮੈਚ ਖੇਡਣ ਜਾਂਦੇ ਸਨ ਅਤੇ ਉਧਾਰੀ ਕਿੱਟ ਨਾਲ ਅਭਿਆਸ ਕਰਦੇ ਸਨ। ਉਨ੍ਹਾਂ ਦਾ ਬਚਪਨ ਗਰੀਬੀ ਵਿੱਚ ਗੁਜ਼ਰਿਆ ਸੀ ਪਰ ਆਈਪੀਐੱਲ ਨੇ ਉਨ੍ਹਾਂ ਦੀ ਜਿੰਦਗੀ ਹੀ ਬਦਲ ਦਿੱਤੀ।
ਸਾਲ 2015 ਵਿੱਚ ਉਨ੍ਹਾਂ ਨੇ ਕੇਕੇਆਰ ਵਿਰੁੱਧ 31 ਗੇਂਦਾਂ ਉੱਤੇ 31 ਦੌੜਾਂ ਬਣਾਈਆਂ ਸਨ ਜਿਸ ਤੋਂ ਬਾਅਦ ਉਹ ਸੁਰਖੀਆਂ ਵਿੱਚ ਛਾ ਗਏ ਸਨ ਫ਼ਿਰ ਉਨ੍ਹਾਂ ਨੂੰ ਭਾਰਤ ਦੀ ਟੀ-20 ਟੀਮ ਵਿੱਚ ਡੈਬਿਊ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਆਪਣਾ ਟੀ-20 ਡੈਬਿਊ ਆਸਟ੍ਰੇਲੀਆ ਵਿਰੁੱਧ ਕੀਤਾ ਸੀ। 2016 ਵਿੱਚ ਟੀ-20 ਵਿੱਚ ਡੈਬਿਊ ਤੋਂ ਬਾਅਦ ਉਸੇ ਸਾਲ ਉਨ੍ਹਾਂ ਨੂੰ ਇੱਕ ਦਿਨਾਂ ਮੈਚਾਂ ਵਿੱਚ ਖੇਡਣ ਦਾ ਮੌਕਾ ਮਿਲਿਆ।
ਆਪਣੇ ਇੱਕ ਦਿਨਾਂ ਡੈਬਿਊ ਵਿੱਚ ਹਾਰਦਿਕ ਨੇ ਸ਼੍ਰੀਲੰਕਾ ਵਿਰੁੱਧ ਨਾ ਸਿਰਫ਼ ਅਰਧ-ਸੈਂਕੜਾ ਲਾਇਆ ਬਲਕਿ ਇੱਕ ਵਿਕਟ ਵੀ ਲਈ ਸੀ।
ਹਾਰਦਿਕ ਪਾਂਡਿਆ ਦਾ ਆਈਪੀਐੱਲ ਕਰਿਅਰ ਵੀ ਸ਼ਾਨਦਾਰ ਰਿਹਾ। ਉਨ੍ਹਾਂ ਨੇ ਹੁਣ ਤੁੱਕ ਮੁੰਬਈ ਇੰਡੀਅਨਜ਼ ਲਈ 66 ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੇ 1068 ਦੌੜਾਂ ਬਣਾਈਆਂ ਅਤੇ 42 ਵਿਕਟਾਂ ਵੀ ਲਈਆਂ।
ਉੱਥੇ ਹੀ, ਭਾਰਤ ਲਈ ਉਹ 11 ਟੈਸਟ ਮੈਚ ਖੇਡ ਚੁੱਕੇ ਹਨ, ਜਿਸ ਵਿੱਚ ਉਨ੍ਹਾਂ ਨੇ 532 ਦੌੜਾਂ ਬਣਾਈਆਂ ਹਨ ਅਤੇ 17 ਵਿਕਟਾਂ ਲਈਆਂ ਹਨ।
ਇੱਕ ਦਿਨਾਂ ਕ੍ਰਿਕਟ ਟੀਮ ਦੀ ਗੱਲ ਕਰੀਏ ਤਾਂ ਉਹ ਭਾਰਤ ਲਈ 54 ਮੈਚ ਖੇਡ ਚੁੱਕੇ ਹਨ ਜਿਸ ਵਿੱਚ ਉਨ੍ਹਾਂ ਨੇ 957 ਦੌੜਾਂ ਬਣਾਈਆਂ ਹਨ ਅਤੇ 54 ਵਿਕਟਾਂ ਲਈਆਂ ਹਨ।
ਟੀ-20 ਕੌਮਾਂਤਰੀ ਵਿੱਚ ਹਾਰਦਿਕ 40 ਮੈਚ ਖੇਡ ਚੁੱਕੇ ਹਨ ਅਤੇ 310 ਦੌੜਾਂ ਬਣਾ ਚੁੱਕੇ ਹਨ ਨਾਲ ਹੀ 38 ਵਿਕਟਾਂ ਵੀ ਲੈ ਚੁੱਕੇ ਹਨ।