ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੇਸ਼ ਦੀ ਮੌਜੂਦਾ ਸਥਿਤੀ ਨੂੰ ਵੇਖਦਿਆਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਸਾਬਕਾ ਚੇਅਰਮੈਨ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ 15 ਅਪ੍ਰੈਲ ਤੋਂ ਬਾਅਦ ਵੀ ਇਸ ਲੀਗ ਦੇ 13ਵੇਂ ਸੀਜ਼ਨ ਦਾ ਆਯੋਜਨ ਕਰਨਾ ਅਸੰਭਵ ਹੈ।
29 ਮਾਰਚ ਨੂੰ ਸ਼ੁਰੂ ਹੋਣ ਵਾਲੇ ਆਈਪੀਐਲ ਨੂੰ ਪਹਿਲਾਂ ਕੋਰੋਨਾ ਵਾਇਰਸ ਕਾਰਨ 15 ਅਪ੍ਰੈਲ ਤੱਕ ਟਾਲ ਦਿੱਤਾ ਗਿਆ ਸੀ। ਸ਼ੁਕਲਾ ਨੇ ਵੀਰਵਾਰ ਨੂੰ ਕਿਹਾ, "ਮੈਨੂੰ ਕੋਈ ਤਿਆਰੀ ਨਹੀਂ ਦਿੱਖ ਰਹੀ। ਸਾਡੀ ਤਰਜੀਹ ਕੋਰੋਨਾ ਵਾਇਰਸ ਨਾਲ ਲੜਨਾ ਅਤੇ ਲੋਕਾਂ ਦੀ ਜਾਨ ਬਚਾਉਣਾ ਹੈ। ਇਹ ਸਰਕਾਰ 'ਤੇ ਨਿਰਭਰ ਕਰਦਾ ਹੈ ਕਿ ਉਹ ਕੀ ਫੈਸਲਾ ਲੈਂਦੀ ਹੈ। ਅਸੀਂ ਸਰਕਾਰ ਦੇ ਫੈਸਲੇ ਦੇ ਨਾਲ ਚਲਾਂਗੇ।"
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ ਦਿੱਲੀ 'ਚ ਹੋਣ ਵਾਲਾ ਸ਼ੂਟਿੰਗ ਵਰਲਡ ਕੱਪ ਰੱਦ
ਉਨ੍ਹਾਂ ਕਿਹਾ ਕਿ ਇਹ ਵੀ ਸੁਣਨ 'ਚ ਆਇਆ ਹੈ ਕਿ ਤਾਲਾਬੰਦੀ ਨੂੰ ਅੱਗੇ ਵਧਾਇਆ ਜਾ ਸਕਦਾ ਹੈ, ਤਾਂ ਅਜਿਹੇ ਹਾਲਾਤਾਂ ਵਿੱਚ 15 ਅਪ੍ਰੈਲ ਤੋਂ ਆਈਪੀਐਲ ਦਾ ਆਯੋਜਨ ਅਸੰਭਵ ਹੈ। ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਵਿਦੇਸ਼ੀ ਖਿਡਾਰੀ ਇਸ ਵਾਰ ਭਾਗ ਲੈ ਪਾਉਣਗੇ ਤਾਂ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਕੋਈ ਮੁਕਾਬਲਾ ਹੀ ਨਹੀਂ ਹੋ ਸਕਦਾ ਅਤੇ ਵਿਦੇਸ਼ਾ ਤੋਂ ਯਾਤਰੀਆਂ ਦੇ ਆਉਣ 'ਤੇ ਵੀ ਪਾਬੰਦੀ ਲੱਗੀ ਹੋਈ ਹੈ।