ਮੋਗਾ: ਆਏ ਦਿਨ ਪੰਜਾਬ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਤਾਜ਼ਾ ਮਾਮਲਾ, ਕੋਟ ਈਸੇ ਖਾਂ ਕਸਬੇ ਦੇ ਪਿੰਡ ਮਹਿਲ ਤੋਂ ਸਾਹਮਣੇ ਆਇਆ ਹੈ। ਇੱਥੇ ਪੰਜ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਇਕ ਐਨਆਰਆਈ ਨਾਲ ਲੁੱਟ ਖੋਹ ਕਰਕੇ ਫ਼ਰਾਰ ਹੋ ਗਏ। ਦੱਸ ਦਈਏ 15 ਜਨਵਰੀ ਨੂੰ ਲੁਟੇਰਿਆਂ ਨੇ ਕਪੂਰਥਲਾ ਦੇ ਸੁਭਾਨਪੁਰ ਪਿੰਡ ਤੋਂ ਆਈ 20 ਕਾਰ ਖੋਈ ਸੀ ਤੇ 27 ਤਰੀਕ ਨੂੰ ਕੋਟ ਈਸੇ ਖਾਂ ਪੈਟਰੋਲ ਪੰਪ 'ਤੇ 10 ਹਜਾਰ ਦੀ ਲੁੱਟ ਕੀਤੀ ਗਈ ਸੀ। ਇਸ ਸਬੰਧੀ ਮੋਗਾ ਦੇ ਡੀਐਸਪੀ (ਡੀ) ਲਵਦੀਪ ਸਿੰਘ ਨੇ ਸਾਰੀ ਜਾਣਕਾਰੀ ਦਿੱਤੀ।
ਲੁੱਟ ਦੀ ਕਾਰ ਨਾਲ ਕਈ ਵਾਰਦਾਤਾਂ ਨੂੰ ਅੰਜਾਮ
ਲੁੱਟ ਦੀ ਕਾਰ ਨਾਲ 15 ਜਨਵਰੀ ਤੇ 28 ਜਨਵਰੀ ਤੱਕ ਲੁੱਟ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਉੱਥੇ ਹੀ ਮੋਗਾ ਦੇ ਡੀਐਸਪੀ ਡੀ ਲਵਦੀਪ ਸਿੰਘ ਨੇ ਗੱਡੀ ਲੁੱਟਣ ਵਾਲੇ ਮਾਮਲੇ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੁਟੇਰਿਆਂ ਨੇ 15 ਜਨਵਰੀ ਨੂੰ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੁਭਾਨਪੁਰ ਤੋਂ ਲੁੱਟੀ ਆਈ20 ਗੱਡੀ ਸੁਭਾਨਪੁਰ ਦੇ ਇੱਕ ਵਰਕਸ਼ਾਪ ਉੱਤੇ ਠੀਕ ਹੋਣ ਲਈ ਆਈ ਸੀ। ਵਰਕਸ਼ਾਪ ਦਾ ਮਿਸਤਰੀ ਦਵਿੰਦਰ ਸਿੰਘ ਗੱਡੀ ਨੂੰ ਠੀਕ ਕਰਨ ਬਾਅਦ ਉਸ ਦੀ ਟਰਾਈ ਲੈਣ ਸਭਾਨਪੁਰ ਤੋਂ ਕਰਤਾਰਪੁਰ ਰੋਡ ਉੱਤੇ ਜਾ ਰਿਹਾ ਸੀ, ਤਾਂ ਇੱਕ ਸਵਿਫਟ ਡਿਜਾਇਰ ਕਾਰ ਵਿੱਚ ਪੰਜ ਲੁਟੇਰੇ ਪਿਸਤੌਲ ਦਿਖਾ ਕੇ ਗੱਡੀ ਖੋਹ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਲੁੱਟੀ ਹੋਈ ਗੱਡੀ ਵਿੱਚ ਐਨਆਰਆਈ ਸੀ, ਤਾਂ ਉਨ੍ਹਾਂ ਦੀ ਕਾਰ ਵਿੱਚ ਕਾਫੀ ਨਕਦੀ ਅਤੇ ਸੋਨਾ-ਚਾਂਦੀ ਵੀ ਪਿਆ ਸੀ। ਇਸ ਤੋਂ ਇਲਾਵਾ ਐਪਲ ਦਾ ਮੋਬਾਈਲ ਵੀ ਸੀ।
ਚੋਰੀ ਦੀ ਗੱਡੀ 'ਚ ਜਾ ਰਹੇ ਲੁਟੇਰਿਆਂ ਨਾਲ ਵਾਪਰਿਆ ਹਾਦਸਾ
ਲੁਟੇਰਿਆਂ ਨੇ ਲੁੱਟੀ ਹੋਈ ਕਾਰ ਨਾਲ 15 ਜਨਵਰੀ ਤੋਂ 28 ਜਨਵਰੀ ਤੱਕ ਕਪੂਰਥਲਾ, ਤਰਨ ਤਾਰਨ, ਫਿਰੋਜ਼ਪੁਰ, ਮੁੱਲਾਂਪੁਰ ਤੇ ਮੋਗਾ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਉਸ ਤੋਂ ਬਾਅਦ ਲੁੱਟੀ ਹੋਈ ਆਈ20 ਕਾਰ ਨਾਲ ਮੰਗਲਵਾਰ ਦੀ ਸਵੇਰੇ ਪਿੰਡ ਮੁਰਗੀ ਤੋਂ ਇੱਕ ਆੜਤੀਏ ਤੋਂ 3 ਲੱਖ ਦੀ ਲੁੱਟ ਕਰਕੇ ਕੋਟ ਈਸੇ ਸੇਖਾਂ ਵੱਲ ਆ ਰਹੇ ਸੀ, ਤਾਂ ਥਾਣਾ ਕੋਟ ਈਸੇ ਖਾਂ ਦੀ ਐਸਐਚਓ ਗਸ਼ਤ ਕਰ ਰਹੀ ਸੀ। ਲੁਟੇਰੇ ਪੁਲਿਸ ਦੀ ਗੱਡੀ ਨੂੰ ਦੇਖ ਕੇ ਯੂ ਟਰਨ ਮਾਰ ਗਏ ਤੇ ਵਾਪਸ ਜਾਂਦੇ ਸਮੇਂ ਲੁਟੇਰਿਆਂ ਦੀ ਕਾਰ ਪਿੰਡ ਮਹਿਲ ਕਲਾਂ ਵਿੱਚ ਇੱਕ ਗੇਟ ਨਾਲ ਟਕਰਾਈ, ਤਾਂ ਚੋਰ ਚੋਰੀ ਦੀ ਗੱਡੀ ਛੱਡ ਕੇ ਫ਼ਰਾਰ ਹੋ ਗਏ। ਉਥੇ ਹੀ ਗੱਡੀ ਵਿੱਚੋਂ ਖੰਡੇ, ਕਿਰਪਾਨਾਂ ਤੇ ਨਕਲੀ ਪਿਸਤੋਲ ਬਰਾਮਦ ਹੋਇਆ ਹੈ।
ਲੁਟੇਰਿਆਂ ਨੂੰ ਫੜ੍ਹਨ ਲਈ ਪੁਲਿਸ ਨੇ ਵਿਛਾਇਆ ਜਾਲ
ਡੀਐਸਪੀ ਡੀ ਲਵਦੀਪ ਸਿੰਘ ਨੇ ਕਿਹਾ ਕਿ ਚੋਰਾਂ ਨੂੰ ਕਾਬੂ ਕਰਨ ਲਈ ਪੰਜ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੋਗਾ ਵਿੱਚ ਰੈੱਡ ਅਲਰਟ ਦੇ ਚੱਲਦੇ ਹੋਏ ਚਾਰ ਨਾਕੇ ਲਗਾਏ ਗਏ ਹਨ, ਜਿੱਥੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਤੋਂ ਜਲਦ ਲੁਟੇਰਿਆਂ ਨੂੰ ਕਾਬੂ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।