ਨਵੀਂ ਦਿੱਲੀ: ਟੋਕਿਓ ਉਲੰਪਿਕ 2020 ਵਿੱਚ ਕੁਆਲੀਫਾਈ ਕਰਨ ਦੀ ਉਮੀਦ ਰੱਖਣ ਵਾਲੇ 8 ਬੈਡਮਿੰਟਨ ਖਿਡਾਰੀਆਂ ਦਾ ਨੈਸ਼ਨਲ ਕੈਂਪ ਸ਼ੁੱਕਰਵਾਰ ਤੋਂ ਹੈਦਰਾਬਾਦ ਦੀ ਪੁਲੇਲੇ ਗੋਪੀਨੰਦ ਅਕੈਡਮੀ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ।
ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਨੇ ਇਹ ਫ਼ੈਸਲਾ ਤੇਲੰਗਾਨਾ ਸੂਬੇ ਦੀ ਸਰਕਾਰ ਵੱਲੋਂ 1 ਅਗਸਤ ਨੂੰ ਦਿੱਤੇ ਇੱਕ ਆਦੇਸ਼ ਤੋਂ ਬਾਅਦ ਲਿਆ ਹੈ, ਜਿਸ ਵਿੱਚ ਸਰਕਾਰ ਨੇ 5 ਅਗਸਤ ਤੋਂ ਖੇਡ ਗਤੀਵਿਧੀਆਂ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਰੀਓ ਉਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਪੀਵੀ ਸਿੰਧੂ ਤੋਂ ਇਲਾਵਾ ਇਸ ਕੈਂਪ ਵਿੱਚ ਸਾਇਨਾ ਨੇਹਵਾਲ, ਕਿਦੰਬੀ ਸ੍ਰੀਕਾਂਤ, ਅਸ਼ਵਨੀ ਪਨੱਪਾ, ਸਾਈਂ ਪ੍ਰਨੀਤ, ਚਿਰਾਗ ਸ਼ੈੱਟੀ, ਸਤਵਿਕਸਿਰਾਜ ਰੈਂਕਰੇਡੀ ਅਤੇ ਐਨ. ਸਿੱਕੀ ਰੈੱਡੀ ਇਸ ਕੈਂਪ ਵਿੱਚ ਹਿੱਸਾ ਲੈਣਗੇ।
ਕੈਂਪ ਸ਼ੁਰੂ ਹੋਣ ਉੱਤੇ ਰਾਸ਼ਟਰੀ ਬੈਡਮਿੰਟਨ ਟੀਮ ਦੇ ਕੋਚ ਪੁਲੇਲਾ ਗੋਪੀਨੰਦ ਨੇ ਕਿਹਾ ਕਿ ਮੈਂ ਹਮੇਸ਼ਾ ਚੋਟੀ ਦੇ ਖਿਡਾਰੀਆਂ ਲਈ ਕੋਰਟ ਉੱਤੇ ਲੰਬੇ ਬਰੇਕ ਤੋਂ ਬਾਅਦ ਸਿਖਲਾਈ ਉੱਤੇ ਪਰਤਣ ਲਈ ਖ਼ੁਸ਼ ਹਾਂ। ਅਸੀਂ ਸੁਰੱਖਿਅਤ ਵਾਤਾਵਰਣ ਵਿੱਚ ਸਿਖਲਾਈ ਲਈ ਪੂਰੀ ਤਰ੍ਹਾਂ ਤਿਆਰ ਹਾਂ।
ਸਾਈ ਨੇ ਕਿਹਾ ਹੈ ਕਿ ਖਿਡਾਰੀਆਂ ਨੂੰ ਪੂਰਨ ਸੁਰੱਖਿਆ ਪ੍ਰਦਾਨ ਕਰਨ ਅਤੇ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ ਲਈ ਅਕੈਡਮੀ ਨੂੰ ਰੰਗਾਂ ਅਨੁਸਾਰ ਵੰਡਿਆ ਗਿਆ ਹੈ ਜਿੱਥੇ ਸਿਰਫ ਖਿਡਾਰੀ ਅਤੇ ਕੋਚ ਹੀ ਆ ਸਕਣਗੇ।
ਇਸ ਦੇ ਨਾਲ ਹੀ ਸਹਾਇਤਾ ਅਮਲੇ ਅਤੇ ਪ੍ਰਬੰਧਕਾਂ ਲਈ ਵੱਖਰੇ ਜ਼ੋਨ ਬਣਾਏ ਗਏ ਹਨ ਅਤੇ ਇਨ੍ਹਾਂ ਲੋਕਾਂ ਨੂੰ ਖੇਡਣ ਵਾਲੇ ਖੇਤਰ ਵਿੱਚ ਜਾਣ ਦੀ ਮਨਾਹੀ ਹੋਵੇਗੀ।
ਸਿਖਲਾਈ ਸਿਹਤ ਮੰਤਰਾਲੇ ਅਤੇ ਸਾਈ ਦੁਆਰਾ ਨਿਰਧਾਰਤ ਕੀਤੇ ਗਏ ਐਸ.ਓ.ਪੀ. ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਜਾਏਗੀ। ਨਾਲ ਹੀ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦਾ ਵੀ ਖਿਆਲ ਰੱਖਿਆ ਜਾਵੇਗਾ।
ਭਾਰਤ ਦੀ ਬੈਡਮਿੰਟਨ ਸਟਾਰ ਪੀ ਵੀ ਸਿੰਧੂ ਆਪਣੇ ਜਿਮ ਸੈਸ਼ਨ ਦੀ ਬਹਾਲੀ ਤੋਂ ਬਾਅਦ ਬਹੁਤ ਖੁਸ਼ ਨਜ਼ਰ ਆਈ। ਉਸ ਨੇ ਟਵਿੱਟਰ `ਤੇ ਲਿਖਿਆ ਕਿ ਮੈਂ ਜਿੰਮ ਦੇ ਪੂਰੇ ਸੈਸ਼ਨ ਨੂੰ ਕਰਨ ਤੋਂ ਬਾਅਦ ਬਹੁਤ ਖੁਸ਼ ਹੋ ਰਿਹਾ ਹਾਂ
ਦੱਸ ਦੇਈਏ ਕਿ ਬੈਡਮਿੰਟਨ ਵਰਲਡ ਫੈਡਰੇਸ਼ਨ ਨੇ ਕੋਰੋਨਾ ਕਾਰਨ ਕਈ ਵੱਡੇ ਟੂਰਨਾਮੈਂਟ ਮੁਲਤਵੀ ਕਰ ਦਿੱਤੇ ਹਨ। ਜਿਸ ਵਿੱਚ ਤਾਈਪੇ ਓਪਨ, ਕੋਰੀਆ ਓਪਨ ਵਰਗੇ ਟੂਰਨਾਮੈਂਟ ਸ਼ਾਮਿਲ ਹਨ