ਨਵੀਂ ਦਿੱਲੀ: ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ (ਬੀ.ਏ.ਆਈ.) ਨੇ ਆਪਣੇ ਖਿਡਾਰੀਆਂ, ਕੋਚਾਂ ਅਤੇ ਤਕਨੀਕੀ ਸਟਾਫ ਨੂੰ ਕਿਸੇ ਅਣਅਧਿਕਾਰਤ ਟੂਰਨਾਮੈਂਟ ਵਿਚ ਹਿੱਸਾ ਲੈਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ।
ਇਹ ਮੰਨਿਆ ਜਾ ਰਿਹਾ ਹੈ ਕਿ ਗੋਆ ਸਥਿਤ ਇੱਕ ਸੰਗਠਨ ਅਗਲੇ ਮਹੀਨੇ ਮਡਗਾਂਵ ਵਿੱਚ ਤੀਜਾ ਨੈਸ਼ਨਲ ਫੈਡਰੇਸ਼ਨ ਕੱਪ ਦਾ ਆਯੋਜਨ ਕਰਨ ਜਾ ਰਿਹਾ ਹੈ ਅਤੇ ਇਸ ਟੂਰਨਾਮੈਂਟ ਦੇ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਟੂਰਨਾਮੈਂਟ ਆਉਣ ਵਾਲੀ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਲਈ ਚੋਣ ਟਰਾਇਲ ਹੋਵੇਗਾ।
ਪਰ ਬੀ.ਏ.ਆਈ. ਦੇ ਜਨਰਲ ਸੱਕਤਰ ਅਜੇ ਸਿੰਘਾਨੀਆ ਨੇ ਅਜਿਹੇ ਦਾਅਵਿਆਂ ਨੂੰ ਖਾਰਿਜ ਕਰਦਿਆਂ ਕਿਹਾ, “ਸਾਨੂੰ ਪਤਾ ਲੱਗਿਆ ਹੈ ਕਿ ਅਗਲੇ ਮਹੀਨੇ ਗੋਆ ਵਿੱਚ ਇੱਕ ਟੂਰਨਾਮੈਂਟ ਹੋਣ ਜਾ ਰਿਹਾ ਹੈ ਅਤੇ ਭਾਰਤੀ ਯੁਵਾ ਅਤੇ ਖੇਡ ਵਿਕਾਸ ਐਸੋਸੀਏਸ਼ਨ ਇਸ ਦਾ ਆਯੋਜਨ ਕਰ ਰਹੀ ਹੈ। ਬੀ.ਏ.ਆਈ. ਜਾਂ ਗੋਆ ਬੈਡਮਿੰਟਨ ਐਸੋਸੀਏਸ਼ਨ ਅਜਿਹੇ ਕਿਸੇ ਟੂਰਨਾਮੈਂਟ ਜਾਂ ਸੰਸਥਾ ਤੋਂ ਜਾਣੂ ਨਹੀਂ ਹੈ।”
ਉਨ੍ਹਾਂ ਕਿਹਾ, “ਇਹ ਹੈਰਾਨੀ ਦੀ ਗੱਲ ਹੈ ਕਿ ਪ੍ਰਬੰਧਕਾਂ ਨੇ ਦਾਅਵਾ ਕੀਤਾ ਹੈ ਕਿ ਉਹ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਲਈ ਖਿਡਾਰੀਆਂ ਦੀ ਚੋਣ ਕਰਨਗੇ ਜੋ ਪੂਰੀ ਤਰ੍ਹਾਂ ਗਲਤ ਅਤੇ ਗੁੰਮਰਾਹਕੁੰਨ ਐਲਾਨ ਹੈ ਕਿਉਂਕਿ ਵਿਦੇਸ਼ਾਂ ਵਿੱਚ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਲਈ ਟੀਮ ਦੀ ਚੋਣ ਸਿਰਫ ਰਾਸ਼ਟਰੀ ਫੈਡਰੇਸ਼ਨ ਹੀ ਕਰ ਸਕਦੀ ਹੈ। ”
ਫੈਡਰੇਸ਼ਨ ਨੇ ਅੱਗੇ ਕਿਹਾ ਕਿ ਅਜਿਹੇ ਕਿਸੇ ਵੀ ਅਣਅਧਿਕਾਰਤ ਲੀਗ ਜਾਂ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੇ ਰਜਿਸਟਰਡ ਖਿਡਾਰੀਆਂ, ਕੋਚਾਂ ਅਤੇ ਤਕਨੀਕੀ ਸਟਾਫ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਸਿੰਘਾਨੀਆ ਨੇ ਕਿਹਾ, “ਬੀ.ਏ.ਆਈ ਅਤੇ ਇਸ ਦੀਆਂ ਇਕਾਈਆਂ ਇਸ ਅਣਅਧਿਕਾਰਤ ਸੰਗਠਨ ਜਾਂ ਏਜੰਸੀ ਦੀ ਸਰਗਰਮੀ ਵਿੱਚ ਦਿਲਚਸਪੀ ਨਹੀਂ ਲੈ ਰਹੀਆਂ ਪਰ ਅਸੀਂ ਆਪਣੇ ਰਜਿਸਟਰਡ ਖਿਡਾਰੀਆਂ ਬਾਰੇ ਚਿੰਤਤ ਹਾਂ। ਅਸੀਂ ਆਪਣੇ ਰਜਿਸਟਰਡ ਖਿਡਾਰੀਆਂ ਨੂੰ ਪੁਰਜ਼ੋਰ ਸਲਾਹ ਦਿੰਦੇ ਹਾਂ ਕਿ ਉਹ ਅਜਿਹੀਆਂ ਅਣਅਧਿਕਾਰਤ ਲੀਗਾਂ ਵਿਚ ਹਿੱਸਾ ਨਾ ਲੈਣ, ਨਹੀਂ ਤਾਂ ਬੀ.ਏ.ਆਈ. ਤੋਂ ਪ੍ਰਾਪਤ ਹੋਇਆ ਆਈਡੀ ਕਾਰਡ ਰੱਦ ਕਰ ਦਿੱਤਾ ਜਾਵੇਗਾ ਅਤੇ ਭਵਿੱਖ ਵਿੱਚ ਉਹ ਕਿਸੇ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕਣਗੇ। ”