ਹੈਦਰਾਬਾਦ: ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਸਟਾਰ ਕਿਦਾਂਬੀ ਸ਼੍ਰੀਕਾਂਤ ਅੱਜ ਆਪਣਾ 27ਵਾਂ ਜਨਮ ਦਿਨ ਮਨਾ ਰਹੇ ਹਨ। ਆਪਣੀ ਕੜੀ ਮਿਹਨਤ ਸਦਕਾ ਉਨ੍ਹਾਂ ਨੇ ਦੁਨੀਆ ਦੇ 338 ਰੈਂਕ ਤੋਂ ਨੰਬਰ 1 ਤੱਕ ਦੇ ਖਿਡਾਰੀ ਦਾ ਮੁਕਾਮ ਹਾਸਲ ਕੀਤਾ। ਇਨ੍ਹਾਂ ਨਹੀਂ ਉਨ੍ਹਾਂ ਨੇ ਕਈ ਮੁਕਾਬਲੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ।
ਦੱਸਣਯੋਗ ਹੈ ਕਿ ਸਾਲ 2012 'ਚ ਦੁਨੀਆ ਦੇ ਖਿਡਾਰੀਆਂ ਦੀ ਰੈਂਕਿੰਗ ਚੋਂ ਕਿਦਾਂਬੀ 338ਵੇਂ ਨੰਬਰ 'ਤੇ ਸਨ, ਪਰ ਸਾਲ 2018 'ਚ ਉਨ੍ਹਾਂ ਨੂੰ ਨੰਬਰ-1 ਦਾ ਦਰਜਾ ਦਿੱਤਾ ਗਿਆ ਸੀ। ਇਸ ਸਮੇਂ ਕਿਦਾਂਬੀ ਦੀ ਵਿਸ਼ਵ ਰੈਂਕਿੰਗ 15 ਹੈ।
ਆਂਧਰਾ ਪ੍ਰਦੇਸ਼ 'ਚ ਪੈਦਾ ਹੋਏ ਕਿਦਾਂਬੀ ਦਾ ਪੂਰਾ ਨਾਂਅ ਸ਼੍ਰੀਕਾਂਤ ਨਾਮਲ ਵਾਰ ਕਿਦਾਂਬੀ ਹੈ। ਉਨ੍ਹਾਂ ਦਾ ਜਨਮ ਗੁੰਟੂਰ 'ਚ ਹੋਇਆ। ਕਿਦਾਂਬੀ ਦਾ ਵੱਡਾ ਭਰਾ ਬੈਡਮਿੰਟਨ ਖੇਡਦਾ ਹੈ ਤੇ ਉਨ੍ਹਾਂ ਦੇ ਭਰਾ ਨੇ ਪੂਲੇਲਾ ਗੋਪੀਚੰਦ ਦੀ ਅਕੈਡਮੀ ਤੋਂ ਸਿਖਲਾਈ ਲਈ। ਇਸ ਤੋਂ ਬਾਅਦ ਕਿਦਾਂਬੀ ਦੇ ਮਾਤਾ-ਪਿਤਾ ਨੇ ਕਿਦਾਂਬੀ ਨੂੰ ਵੀ ਉਸੇ ਅਕੈਡਮੀ 'ਚ ਸਿਖਲਾਈ ਲਈ ਦਾਖਲ ਕਰਵਾਇਆ।
ਕਿਦਾਂਬੀ ਸ਼੍ਰੀਕਾਂਤ ਨੇ ਆਪਣੇ ਖੇਡ ਕਰਿਅਰ ਦੀ ਸ਼ੁਰੂਆਤ ਡਬਲਸ ਖੇਡਦੇ ਹੋਏ ਕੀਤੀ ਸੀ, ਪਰ ਆਪਣੇ ਕੋਚ ਗੋਪੀਚੰਦ ਦੀ ਸਲਾਹ ਮੰਨਦੇ ਹੋਏ ਉਨ੍ਹਾਂ ਨੇ ਸਾਲ 2011 'ਚ ਸਿੰਗਲ ਖੇਡਨਾ ਸ਼ੁਰੂ ਕੀਤਾ ਤੇ ਬੈਡਮਿੰਟਨ ਦੀ ਦੁਨੀਆ 'ਚ ਕਈ ਮੁਕਾਬਲੇ ਜਿੱਤੇ। ਕਿਦਾਂਬੀ ਨੇ ਸਾਲ 2013 'ਚ ਆਲ ਇੰਡੀਆ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਦੇਸ਼ ਦੇ ਸਭ ਤੋਂ ਵਧੀਆ ਖਿਡਾਰੀ ਪਾਰੂਪੱਲੀ ਕਸ਼ਯਪ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਫਿਰ ਉਨ੍ਹਾਂ ਨੇ 21 ਸਾਲ ਦੀ ਉਮਰ 'ਚ ਦੋ ਵਾਰ ਓਲੰਪਿਕ ਚੈਂਪੀਅਨ ਚੀਨ ਦੀ ਲਿਨ ਡੈਨ ਨੂੰ ਹਰਾਇਆ ਅਤੇ ਚਾਈਨਾ ਓਪਨ ਦਾ ਖਿਤਾਬ ਜਿੱਤਿਆ। ਕਿਦਾਂਬੀ ਇਸ ਖਿਤਾਬ ਨੂੰ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਇਸ ਜਿੱਤ ਤੋਂ ਬਾਅਦ, ਚੀਨ 'ਚ ਪਹਿਲੀ ਵਾਰ, ਭਾਰਤੀ ਰਾਸ਼ਟਰੀ ਗੀਤ ਦੀ ਧੁੰਨ ਵਜਾਈ ਗਈ।
ਤਰੱਕੀ ਦੇ ਨਾਲ-ਨਾਲ ਕਿਦਾਂਬੀ ਸ਼੍ਰੀਕਾਂਤ ਦੀ ਵਿਸ਼ਵ ਰੈਂਕਿੰਗ ਵੀ ਵਧਣੀ ਸ਼ੁਰੂ ਹੋ ਗਈ। ਸਖ਼ਤ ਮਿਹਨਤ ਤੋਂ ਬਾਅਦ, ਉਨ੍ਹਾਂ ਨੇ ਸਾਲ 2015 ਵਿੱਚ ਤੀਜੇ ਨੰਬਰ ਦੀ ਰੈਂਕਿੰਗ ਹਾਸਲ ਕੀਤੀ। ਸਾਲ 2017 'ਚ ਨੰਬਰ-2 ਦਾ ਖਿਡਾਰੀ ਅਤੇ ਫਿਰ ਸਾਲ 2018 ਦਾ ਨੰਬਰ-1 ਖਿਡਾਰੀ ਬਣੇ। ਚੰਗੇ ਖੇਡ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਅਰਜੁਨ ਅਵਾਰਡ ਅਤੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।