ਮੋਗਾ: ਬੀਤੇ ਦਿਨੀਂ ਭਾਰਤ ਸਰਕਾਰ ਵੱਲੋਂ ਚੀਨ ਦਾ ਬਾਈਕਾਟ ਕਰਨ ਦੇ ਮਕਸਦ ਨਾਲ 59 ਐਪਲੀਕੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਨ੍ਹਾਂ 'ਚ ਟਿਕ-ਟੌਕ ਵੀ ਸ਼ਾਮਲ ਹੈ। ਟਿਕ-ਟੌਕ ਲੋਕਾਂ ਵਿੱਚ ਇੰਨੀ ਕੁ ਜ਼ਿਆਦਾ ਮਸ਼ਹੂਰ ਹੋ ਗਈ ਕਿ ਇਸ ਨੇ ਕਈ ਲੋਕਾਂ ਨੂੰ ਰਾਤੋਂ ਰਾਤ ਹੀ ਸਟਾਰ ਬਣਾ ਦਿੱਤਾ। ਕਈ ਲੋਕ ਟਿਕ-ਟੌਕ ਰਾਹੀਂ ਫ਼ਰਸ਼ ਤੋਂ ਅਰਸ਼ ਤੱਕ ਪਹੁੰਚ ਗਏ। ਇਨ੍ਹਾਂ ਵਿੱਚ ਮੋਗਾ ਦੇ ਪਿੰਡ ਬਿੰਦਰਵਾਲਾ ਦੀ ਰਹਿਣ ਵਾਲੀ 5 ਸਾਲਾਂ ਨੂਰ ਵੀ ਸ਼ਾਮਲ ਹੈ। ਨੂਰ ਉਨ੍ਹਾਂ ਬੱਚਿਆਂ 'ਚੋਂ ਹੈ ਜੋ ਰਾਤੋਂ ਰਾਤ ਹੀ ਸਟਾਰ ਬਣ ਗਈ।
ਪਰ ਹੁਣ ਸਰਕਾਰ ਵੱਲੋਂ ਟਿਕ-ਟੌਕ ਬੰਦ ਕਰਨ 'ਤੇ ਨੂਰ ਅਤੇ ਉਸ ਦੀ ਟੀਮ ਦੇ ਮੈਂਬਰਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਟਿਕ-ਟੌਕ ਨੂੰ ਮੁੜ ਤੋਂ ਚਲਾ ਦਿੱਤਾ ਜਾਵੇ, ਕਿਉਂਕਿ ਇਸ ਨਾਲ ਕਈ ਗਰੀਬ ਲੋਕਾਂ ਦਾ ਘਰ ਚੱਲਦਾ ਸੀ। ਉਨ੍ਹਾਂ ਨੇ ਸਰਕਾਰ ਨੂੰ ਇਹ ਵੀ ਕਿਹਾ ਕਿ ਜੇ ਉਹ ਟਿਕ-ਟੌਕ ਨਹੀਂ ਚਲਾ ਸਕਦੇ ਤਾਂ ਇਸ ਦੀ ਜਗ੍ਹਾ ਕੋਈ ਹੋਰ ਐਪ ਚਲਾਈ ਜਾਵੇ ਤਾਂ ਜੋ ਉਨ੍ਹਾਂ ਵਰਗੇ ਹੋਰ ਗਰੀਬ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ।
ਦੱਸ ਦੇਈਏ ਕਿ 5 ਸਾਲਾਂ ਨੂਰ ਨੇ ਆਪਣੀ ਅਦਾਕਾਰੀ ਨਾਲ ਸਾਰੇ ਲੋਕਾਂ ਦੇ ਦਿਲਾਂ ਵਿੱਚ ਇੱਕ ਜਗਹ ਬਣਾ ਲਈ ਹੈ। ਜਿਸ ਦੀ ਸ਼ਲਾਘਾ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕੀਤੀ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਇੱਕ ਅਜਿਹਾ ਸਮਾਂ ਸੀ ਜਦ ਨੂਰ ਦੇ ਘਰ ਖਾਣ ਲਈ 2 ਟਾਇਮ ਦੀ ਰੋਟੀ ਵੀ ਨਹੀਂ ਸੀ, ਪਰ ਟਿਕ-ਟੌਕ 'ਤੇ ਵੀਡੀਓ ਬਣਾ ਕੇ ਪਾਉਣ ਤੋਂ ਬਾਅਦ ਉਨ੍ਹਾਂ ਉਹ ਸਭ ਮਿਲ ਗਿਆ ਜਿਸ ਲਈ ਉਹ ਕਈ ਸਮੇਂ ਤੋਂ ਤਰਸ ਰਹੇ ਸਨ। ਹੁਣ ਦੇਖਣਾ ਹੋਵੇਗਾ ਕਿ ਨੂਰ ਤੇ ਬਾਕੀ ਲੋਕਾਂ ਦੀ ਅਪੀਲ ਸਰਕਾਰ ਦੇ ਕੰਨੀ ਪੈਂਦੀ ਹੈ ਜਾਂ ਫਿਰ ਨਹੀਂ।