ਮੁੰਬਈ: ਸੁਸ਼ਾਂਤ ਸਿੰਘ ਖ਼ੁਦਕੁਸ਼ੀ ਮਾਮਲੇ 'ਚ ਬਿਹਾਰ ਪੁਲਿਸ ਨੇ ਇੱਕ ਨਵਾਂ ਖ਼ੁਲਾਸਾ ਕੀਤਾ ਹੈ। ਬਿਹਾਰ ਪੁਲਿਸ ਦਾ ਕਹਿਣਾ ਹੈ ਕਿ ਸੁਸ਼ਾਂਤ ਵੱਲੋਂ ਬੀਤੇ ਕਈ ਦਿਨਾਂ ਤੋਂ ਜੋ ਸਿਮ ਕਾਰਡ ਵਰਤੇ ਜਾ ਰਹੇ ਸੀ ਉਹ ਉਨ੍ਹਾਂ ਦੇ ਨਾਅ 'ਤੇ ਰਜਿਸਟਰ ਨਹੀਂ ਸਨ।
ਪੁਲਿਸ ਅਨੁਸਾਰ ਉਨ੍ਹਾਂ ਚੋਂ ਇੱਕ ਸਿਮ ਕਾਰਡ ਸੁਸ਼ਾਂਤ ਦੇ ਦੋਸਤ ਸਿਧਾਰਥ ਪਿਠਾਨੀ ਦੇ ਨਾਅ 'ਤੇ ਹੈ। ਪੁਲਿਸ ਹੁਣ ਸਾਰੇ ਕਾਲ ਡਿਟੇਲ ਰਿਕਾਰਡ ਨੂੰ ਟ੍ਰੈਕ ਕਰਨ ਦਾ ਕੰਮ ਕਰ ਰਹੀ ਹੈ।
ਬਿਹਾਰ ਪੁਲਿਸ ਸੁਸ਼ਾਂਤ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਦੀ ਸਾਬਕਾ ਮੈਨੇਜਰ ਦਿਸ਼ਾ ਦੇ ਪਰਿਵਾਰ ਤੋਂ ਵੀ ਪੁੱਛ ਪੜਤਾਲ ਕਰਨ ਦੀ ਤਿਆਰੀ ਵਿੱਚ ਹੈ। ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਤੋਂ ਪੁੱਛ ਗਿੱਛ ਕਰਨ ਲਈ ਪੁਲਿਸ ਕਈ ਵਾਰ ਫੋਨ ਕਰ ਚੁੱਕੀ ਹੈ ਪਰ ਸੰਪਰਕ ਨਹੀਂ ਹੋ ਸਕਿਆ। ਅਸਲ 'ਚ ਪੁਲਿਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦਿਸ਼ਾ 'ਤੇ ਸੁਸ਼ਾਂਤ ਦੀ ਮੌਤ ਵਿਚਕਾਰ ਕੋਈ ਆਪਸੀ ਕਨੈਕਸ਼ਨ ਹੈ ਜਾਂ ਨਹੀਂ।
ਬਿਹਾਰ ਪੁਲਿਸ ਦੇ ਡੀਜੀਪੀ ਗੁਪਤੇਸ਼ਵਰ ਪਾਂਡੇ ਨੇ ਮਾਮਲੇ ਦੀ ਜਾਂਚ 'ਚ ਮੁੰਬਈ ਪੁਲਿਸ ਵੱਲੋਂ ਸਹਿਯੋਗ ਨਾ ਮਿਲਣ ਦੇ ਸੰਕੇਤ ਵੀ ਦਿੱਤੇ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਅਜੇ ਤਕ ਪੋਸਟਮਾਰਟਮ ਰਿਪੋਰਟ ਡਿਟੇਲ, ਸੀਸੀਟੀਵੀ ਫੁਟੇਜ ਜਾਂ ਮੁੰਬਈ ਪੁਲਿਸ ਵੱਲੋਂ ਜਾਂਚ ਦੌਰਾਨ ਇੱਕਠੀ ਕੀਤੀ ਗਈ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਪੁਲਿਸ ਫੋਰਸ ਨੂੰ ਇਸ ਮਾਮਲੇ ਸੰਬੰਧੀ ਸਹਿਯੋਗ ਕਰਨ ਲਈ ਕਹਿਣ।
ਕੀ ਬਿਹਾਰ ਪੁਲਿਸ ਇਸ ਮਾਮਲੇ ਦੀ ਸੀਬੀਆਈ ਜਾਂਚ ਚਾਹੁੰਦੀ ਹੈ? ਇਸ ਸਵਾਲ 'ਤੇ ਡੀਜੀਪੀ ਨੇ ਕਿਹਾ ਕਿ 'ਅਸੀਂ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਸਮਰੱਥਾ ਰੱਖਦੇ ਹਾਂ ਅਤੇ ਸਾਨੂੰ ਉਮੀਦ ਹੈ ਕਿ ਜੇਕਰ ਮੁੰਬਈ ਪੁਲਿਸ ਸਾਡਾ ਸਹਿਯੋਗ ਕਰੇਗੀ ਤਾਂ ਅਸੀਂ ਜਲਦ ਹੀ ਜਾਂਚ ਨੂੰ ਖ਼ਤਮ ਕਰ ਸਕਾਂਗੇ।'