ਮੁੰਬਈ: ਬਿਗ-ਬੌਸ 13 'ਚ ਸ਼ਨੀਵਾਰ ਨੂੰ ਵੀਕੈਂਡ ਦੇ ਵਾਰ ਵਿੱਚ ਸਲਮਾਨ ਖ਼ਾਨ ਨੇ ਆਸਿਮ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ। ਦਰਅਸਲ ਪਿਛਲੇ ਕੁਝ ਦਿਨਾਂ ਤੋਂ ਖ਼ਬਰਾਂ ਇਹ ਆ ਰਹੀਆਂ ਸਨ ਕਿ ਹਿਮਾਂਸ਼ੀ ਖੁਰਾਣਾ ਨੇ ਆਪਣਾ 10 ਸਾਲ ਪੁਰਾਣਾ ਰਿਸ਼ਤਾ ਖ਼ਤਮ ਕਰ ਲਿਆ ਹੈ।
ਹੁਣ ਉਹ ਆਸਿਮ ਦਾ ਘਰ ਤੋਂ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਇਸ ਗੱਲ ਨੂੰ ਲੈਕੇ ਸਲਮਾਨ ਨੇ ਆਸਿਮ ਨੂੰ ਕਿਹਾ, "ਤੁਹਾਡੇ ਕਾਰਨ ਹਿਮਾਂਸ਼ੀ ਅਤੇ ਉਸ ਦੇ ਮੰਗੇਤਰ ਦਾ ਰਿਸ਼ਤਾ ਟੁੱਟ ਗਿਆ ਹੈ। ਮੈਂ ਤੁਹਾਨੂੰ ਕਿਹਾ ਸੀ ਕਿ ਉਸਦੀ ਮੰਗਣੀ ਹੋ ਚੁੱਕੀ ਹੈ, ਤੁਹਾਨੂੰ ਉਸ ਤੋਂ ਦੂਰ ਰਹਿਣਾ ਚਾਹੀਦਾ ਹੈ ਪਰ ਤੁਸੀਂ ਇਹ ਗੱਲ ਨਹੀਂ ਮਨੀ। ਉਸਨੂੰ ਨੈਸ਼ਨਲ ਟੀਵੀ 'ਤੇ ਪ੍ਰਪੋਜ਼ ਕਰ ਦਿੱਤਾ। ਇਸ ਕਾਰਨ ਕਰਕੇ ਹੀ ਹਿਮਾਂਸ਼ੀ ਦੇ ਮੰਗੇਤਰ ਨੇ ਉਸਨੂੰ ਛੱਡ ਦਿੱਤਾ ਹੈ।"
ਇਹ ਸਭ ਸੁਣ ਕੇ ਆਸਿਮ ਹੈਰਾਨ ਰਹਿ ਗਿਆ। ਉਸ ਨੇ ਸਲਮਾਨ ਨੂੰ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਕਦੇ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ। ਉਨ੍ਹਾਂ ਦੀ ਮੰਗਣੀ ਵੀ ਨਹੀਂ ਹੋਈ ਸੀ। ਆਸਿਮ ਨੇ ਇਹ ਵੀ ਕਿਹਾ ਕਿ ਜੋ ਉਸ ਦੀਆਂ ਭਾਵਨਾਵਾਂ ਸੀ ਉਹ ਉਸਨੇ ਜ਼ਾਹਿਰ ਕੀਤੀਆਂ। ਆਸਿਮ ਅੱਗੇ ਕਹਿੰਦਾ ਹੈ, "ਹਿਮਾਂਸ਼ੀ ਨੇ ਉਸਨੂੰ ਦੱਸਿਆ ਸੀ ਕਿ ਉਸ ਦਾ ਸਾਥੀ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਉੱਚੀ ਸੋਚ ਵਾਲਾ ਹੈ। ਉਸ ਨੂੰ ਇਨ੍ਹਾਂ ਗੱਲਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ।"
ਆਸਿਮ ਨੇ ਇਹ ਵੀ ਕਿਹਾ ਕਿ ਉਹ ਸੋਚਦਾ ਹੈ ਕਿ ਬਾਹਰ ਜਾਣ ਤੋਂ ਬਾਅਦ, ਹਿਮਾਂਸ਼ੀ ਨੂੰ ਜ਼ਰੂਰ ਮਹਿਸੂਸ ਹੋਇਆ ਹੋਵੇਗਾ ਕਿ ਉਹ ਉਸਨੂੰ ਪਿਆਰ ਕਰਦੀ ਹੈ ਇਸ ਲਈ ਉਸਨੇ ਰਿਸ਼ਤਾ ਤੋੜਿਆ ਹੋਵੇਗਾ। ਸਲਮਾਨ ਇਸ 'ਤੇ ਕਹਿੰਦੇ ਹਨ ਕਿ ਸੋਚੋ ਜੋ ਵੀ ਤੁਸੀਂ ਸੋਚਣਾ ਚਾਹੁੰਦੇ ਹੋ। ਆਪਣੇ ਦਿਲ ਨੂੰ ਦਿਲਾਸਾ ਦਿੰਦੇ ਰਹੋ ਪਰ ਜੋ ਸੱਚ ਹੈ ਮੈਂ ਉਹ ਹੀ ਕਹਿ ਰਿਹਾ ਹਾਂ। ਦੱਸ ਦਈਏ ਕਿ ਹਿਮਾਂਸ਼ੀ ਦਾ ਬਿਆਨ ਵੀ ਇਸ ਸਬੰਧ ਵਿੱਚ ਆ ਚੁੱਕਾ ਹੈ। ਉਸਨੇ ਕਿਹਾ ਹੈ ਕਿ ਹੁਣ ਉਹ ਸਿੰਗਲ ਹੈ ਅਤੇ ਅਸਿਮ ਨਾਲ ਰਿਸ਼ਤਾ ਵਧਾਉਣ ਵਿੱਚ ਉਸਨੂੰ ਕੋਈ ਦਿੱਕਤ ਨਹੀਂ ਹੈ।