ਨਵੀਂ ਦਿੱਲੀ: ਮਲਿਆਲਮ ਫ਼ਿਲਮ ਜੱਲੀਕੱਟੂ ਨੂੰ ਆਸਕਰ ਲਈ ਨਾਮਜ਼ਦ ਕੀਤਾ ਗਿਆ ਹੈ। ਫ਼ਿਲਮ ਫੈਡਰੇਸ਼ਨ ਆਫ ਇੰਡੀਆ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੱਲੀਕੱਟੂ ਆਸਕਰ ਦੀ ਅੰਤਰਰਾਸ਼ਟਰੀ ਫੀਚਰ ਫਿਲਮ ਸ਼੍ਰੇਣੀ ਵਿੱਚ ਭਾਰਤ ਤੋਂ ਅਧਿਕਾਰਤ ਤੌਰ 'ਤੇ ਦਾਖਲ ਹੈ।
ਫ਼ਿਲਮ ਨੂੰ ਹਿੰਦੀ, ਮਰਾਠੀ, ਉੜੀਆ ਅਤੇ ਹੋਰ ਭਾਸ਼ਾਵਾਂ ਦੀ 27 ਐਂਟਰੀਆਂ 'ਚੋਂ ਚੁਣਿਆ ਗਿਆ ਹੈ। ਆਸਕਰ 'ਚ ਭਾਰਤ ਦੀ ਅਗਵਾਈ ਕਰਨ ਦੇ ਲਈ ਜਿਉਰੀ ਵੱਲੋਂ ਮਲਿਆਲਮ ਫਿਲਮ ਜੱਲੀਕੱਟੂ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਸ ਫ਼ਿਲਮ 'ਚ ਇੱਕ ਬੱਲਦ ਕਸਾਈ ਘਰੋਂ ਭੱਜ ਜਾਂਦਾ ਹੈ ਜਿਸ ਦਾ ਸ਼ਿਕਾਰ ਕਰਨ ਲਈ ਪਿੰਡ ਦੇ ਸਾਰੇ ਲੋਕ ਇਕੱਠੇ ਹੋ ਜਾਂਦੇ ਹਨ। ਜੱਲੀਕੱਟੂ ਹਰੇਸ਼ ਦੀ ਮਿੰਨੀ ਕਹਾਣੀ ਮਾਓਵਾਦੀ 'ਤੇ ਅਧਾਰਿਤ ਹੈ। ਇਸ ਫ਼ਿਲਮ 'ਚ ਐਂਟਨੀ ਵਰਗੀਜ਼, ਚੇਮਬਨ ਵਿਨੋਦ ਜੋਸ, ਸਾਬੁਮਨ ਅਤੇ ਸੈਂਥੀ ਬਾਲਾਚੰਦਰਨ ਨੇ ਭੂਮਿਕਾ ਨਿਭਾਈ ਹੈ।
ਫ਼ਿਲਮ ਫੈਡਰੇਸ਼ਨ ਆਫ ਇੰਡੀਆ ਦੇ ਜਿਊਰੀ ਬੋਰਡ ਦੇ ਮੁੱਖੀ ਅਤੇ ਫ਼ਿਲਮਕਾਰ ਰਾਹੁਲ ਰਵੇਲ ਨੇ ਆਨਲਾਈਨ ਪ੍ਰੈਸ ਵਾਰਤਾ ਦੇ ਦੌਰਾਨ ਕਿਹਾ ਕਿ ਇਹ ਅਸਲ 'ਚ ਅਜਿਹੀ ਫ਼ਿਲਮ ਹੈ ਜੋ ਅਜਿਹੀਆਂ ਘਟਨਾਵਾਂ ਨੂੰ ਸਾਹਮਣੇ ਲਿਆਉਂਦੀ ਹੈ ਜਿਸ 'ਚ ਅਸੀਂ ਮਨੁੱਖ ਜਾਨਵਰਾਂ ਨਾਲੋਂ ਵੀ ਬਦਤਰ ਹਾਂ।