ਚੰਡੀਗੜ੍ਹ: ਪੰਜਾਬੀ ਸਾਹਿਤ ਲਈ ਬੀਤਿਆ ਦਿਨ ਦੁੱਖ ਭਰਿਆ ਸੀ। ਮਜ਼ਲੂਮ ਔਰਤਾਂ ਦੀ ਗੱਲ ਕਰਨ ਵਾਲੀ ਉੱਘੀ ਸਾਹਿਤਕਾਰ ਦਲੀਪ ਕੌਰ ਟਿਵਾਣਾ ਇਸ ਸੰਸਾਰ ਨੂੰ ਅਲਵੀਦਾ ਆਖ ਗਈ। ਉਨ੍ਹਾਂ ਦਾ ਜਨਮ 4 ਮਈ 1935 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋਂ ਵਿੱਖੇ ਹੋਇਆ ਸੀ। ਦਲੀਪ ਕੌਰ ਟਿਵਾਣਾ ਉਹ ਔਰਤ ਸੀ ਜਿਸਨੇ ਆਪਣੇ ਸਾਰੇ ਫ਼ਰਜ਼ ਬਾਖੂਬੀ ਢੰਗ ਨਾਲ ਨਿਭਾਏ।
ਪੰਜਾਬੀ ਯੂਨੀਵਰਸਿਟੀ ਨਾਲ ਗਹਿਰਾ ਸਬੰਧ
ਜ਼ਿਲ੍ਹਾ ਪਟਿਆਲਾ ਨਾਲ ਡਾ.ਦਲੀਪ ਕੌਰ ਟਿਵਾਣਾ ਦਾ ਬਹੁਤ ਹੀ ਗਹਿਰਾ ਸਬੰਧ ਸੀ। ਪਟਿਆਲਾ ਪੰਜਾਬੀ ਯੂਨੀਵਰਸਿਟੀ ਤੋਂ ਹੀ ਉਨ੍ਹਾਂ ਐਮ.ਏ ਦੀ ਡਿਗਰੀ ਹਾਸਿਲ ਕੀਤੀ ਅਤੇ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਤੋਂ ਹੀ ਉਨ੍ਹਾਂ ਪੀਐਚਡੀ ਕੀਤੀ। ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ. ਕਰਨ ਵਾਲੀ ਉਹ ਪਹਿਲੀ ਮਹਿਲਾ ਸੀ।
ਮਜ਼ਲੂਮ ਔਰਤਾਂ ਦੇ ਹੱਕ ਦੀ ਗੱਲ ਕਰਨ ਵਾਲੀ
ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿਕੀ ਕਹਾਣੀ ਦੀ ਲੇਖਿਕਾ ਵੱਜੋਂ ਦਲੀਪ ਕੌਰ ਟਿਵਾਣਾ ਨੂੰ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੀ ਲਿਖਣ ਦੀ ਕਲਾ ਨਾਲ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਨੀਚੇ ਦਰਜੇ ਦੇ ਲੋਕਾਂ ਦੇ ਹਾਲਾਤਾਂ ਬਾਰੇ ਲਿਖਿਆ।
ਸਾਹਿਤਕਾਰ ਅਤੇ ਅਧਿਆਪਕ
ਦਲੀਪ ਕੌਰ ਟਿਵਾਣਾ ਨੇ ਆਪਣੇ ਸਾਰੇ ਫ਼ਰਜ ਬਾਖੂਬੀ ਢੰਗ ਨਾਲ ਨਿਭਾਏ। ਬਤੌਰ ਸਾਹਿਤਕਾਰ ਉਨ੍ਹਾਂ ਨੇ ਸਮਾਜ ਦੀ ਸੱਚਾਈ ਨੂੰ ਬਿਆਨ ਕੀਤਾ ਹੀ ਇਸ ਤੋਂ ਇਲਾਵਾ ਉਹ ਚੰਗੀ ਅਧਿਆਪਕ ਵੀ ਰਹੀ। ਪੰਜਾਬੀ ਯੂਨੀਵਰਸਿਟੀ ਤੋਂ ਪੀ.ਐਚ.ਡੀ ਦੀ ਡਿਗਰੀ ਹਾਸਿਲ ਕਰਨ ਤੋਂ ਬਾਅਦ ਉਹ ਲੰਮੇ ਸਮੇਂ ਲਈ ਅਧਿਆਪਕ ਵੀ ਰਹੇ। ਡਾਕਟਰ ਟਿਵਾਣਾ ਨੂੰ ਅਕਾਦਮੀ ਦਾ ਸਰਬੋਤਮ ਸਨਮਾਨ ਫ਼ੈਲੋਸ਼ਿਪ ਨਾਲ ਵੀ ਨਿਵਾਜ਼ਿਆ ਗਿਆ।
ਪਹਿਲੀ ਔਰਤ ਪ੍ਰਧਾਨ
ਡਾ.ਦਲੀਪ ਕੌਰ ਟਿਵਾਣਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਪਹਿਲੀ ਔਰਤ ਪ੍ਰਧਾਨ ਬਣੀ। ਉਨ੍ਹਾਂ ਨੇ ਆਪਣੇ ਜੀਵਨ ਸਫ਼ਰ ਵਿੱਚ ਕਈ ਸਨਮਾਨ ਹਾਸਿਲ ਕੀਤੇ।
⦁ 2004 'ਚ ਪਦਮਸ੍ਰੀ ਦੀ ਉਪਾਧੀ ਮਿਲੀ।
⦁ ਨਾਵਲ 'ਕਥਾ ਕਹੋ ਉਰਵਸ਼ੀ' ਨੂੰ ਲੈਕੇ ਬਿਰਲਾ ਫ਼ਾਊਂਡੇਸ਼ਨ ਵੱਲੋਂ ਸਰਸਵਤੀ ਸਨਮਾਨ ਵੀ ਮਿਲਿਆ।
⦁ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਵੱਲੋਂ (1980-90) ਦੀ ਸਰਵੋਤਮ ਨਾਵਲਕਾਰ ਪੁਰਸਕਾਰ ਵੀ ਮਿਲਿਆ।
ਅਣਮੁੱਲੀਆਂ ਰਚਨਾਵਾਂ
ਟਿਵਾਣਾ ਨੇ ਤੀਹ ਨਾਵਲਾਂ, ਸੱਤ ਕਹਾਣੀ-ਸੰਗ੍ਰਹਿਆਂ ਅਤੇ ਸਵੈ ਜੀਵਨੀ ਦੀ ਰਚਨਾ ਕੀਤੀ। ਉਨ੍ਹਾਂ ਦਾ ਪਹਿਲਾ ਨਾਵਲ 'ਅਗਨੀ ਪ੍ਰੀਖਿਆ' (1967) 'ਚ ਛਪਿਆ। ਇਹ ਨਾਵਲ ਡਾ. ਮਹਿੰਦਰ ਸਿੰਘ ਰੰਧਾਵਾ ਤੋ ਪ੍ਰੇਰਿਤ ਸੀ। ਉਨ੍ਹਾਂ ਦਾ ਦੂਜਾ ਨਾਵਲ 'ਏਹੁ ਹਮਾਰਾ ਜੀਵਣਾ (1968)' ਵਿੱਚ ਆਇਆ। ਇਸ ਨਾਵਲ ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ 'ਵਾਟ ਹਮਾਰੀ', ਤੀਲੀ ਦਾ ਨਿਸ਼ਾਨ, ਸੂਰਜ ਤੇ ਸਮੁੰਦਰ, ਦੂਸਰੀ ਸੀਤਾ ਆਦਿ ਨਾਵਲਾਂ ਸਿਰਜੀਆਂ ਜੋ ਹਮੇਸ਼ਾ ਉਨ੍ਹਾਂ ਦੀ ਹੋਂਦ ਦਾ ਪ੍ਰਗਟਾਵਾ ਕਰਦੀਆਂ ਰਹਿਣਗੀਆਂ। ਡਾ. ਦਲੀਪ ਕੌਰ ਟਿਵਾਣਾ ਬੇਸ਼ੱਕ ਇਸ ਸੰਸਾਰ ਨੂੰ ਅਲਵੀਦਾ ਆਖ ਗਏ ਹਨ ਪਰ ਉਨ੍ਹਾਂ ਦੇ ਵਿਚਾਰ ਕਿਤਾਬਾਂ ਰਾਹੀਂ ਹਮੇਸ਼ਾ ਜਿਉਂਦੇ ਰਹਿਣਗੇ।