ਜੌਨਪੁਰ: ਓਮ ਰਾਊਤ ਵੱਲੋਂ ਨਿਰਦੇਸ਼ਤ ਫਿਲਮ 'ਆਦਿਪੁਰਸ਼' ਕਾਨੂੰਨੀ ਦਾਇਰੇ ਵਿੱਚ ਆ ਗਈ ਹੈ ਕਿਉਂਕਿ ਇੱਕ ਵਕੀਲ ਨੇ ਫਿਲਮ ਨਿਰਮਾਤਾ ਅਤੇ ਅਦਾਕਾਰ ਸੈਫ ਅਲੀ ਖਾਨ ਦੇ ਖਿਲਾਫ਼ ਪਟੀਸ਼ਨ ਦਾਇਰ ਕੀਤੀ ਹੈ। ਇਹ ਕੇਸ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ ਵਿੱਚ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਏ.ਸੀ.ਜੇ.ਐੱਮ.) ਦੀ ਅਦਾਲਤ ਵਿੱਚ ਹੈ। ਅਦਾਲਤ ਨੇ ਇਸ ਮਾਮਲੇ ‘ਤੇ ਸੁਣਵਾਈ ਦੀ ਅਗਲੀ ਤਰੀਕ 23 ਦਸੰਬਰ ਨਿਰਧਾਰਤ ਕੀਤੀ ਹੈ।
ਸਿਵਲ ਕੋਰਟ ਦੇ ਐਡਵੋਕੇਟ ਹਿਮਾਂਸ਼ੂ ਸ਼੍ਰੀਵਾਸਤਵ ਨੇ ਉਪੇਂਦਰ ਵਿਕਰਮ ਸਿੰਘ ਰਾਹੀਂ ਧਾਰਾ 156 (3) ਤਹਿਤ ਅਰਜ਼ੀ ਸੌਂਪੀ ਹੈ।
ਦਾਇਰ ਕੀਤੀ ਗਈ ਪਟੀਸ਼ਨ ਦੇ ਮੁਤਾਬਕ ਹਿਮਾਂਸ਼ੂ ਸ਼੍ਰੀਵਾਸਤਵ ਨੂੰ ‘ਸਨਾਤਨ ਧਰਮ’ ਵਿੱਚ ਡੂੰਘਾ ਵਿਸ਼ਵਾਸ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਗਵਾਨ ਰਾਮ ਨੂੰ ਭਲਿਆਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਰਾਵਣ ਬੁਰਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਇਸ ਪ੍ਰਸੰਗ ਵਿੱਚ ਵਿਜੇਦਸ਼ਮੀ ਦਾ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ। 'ਆਦਿਪੁਰੁਸ਼' ਭਗਵਾਨ ਰਾਮ 'ਤੇ ਬਣੀ ਇੱਕ ਫਿਲਮ ਹੈ, ਜਿਸ ਵਿੱਚ ਸੈਫ਼ ਦਾ ਕਿਰਦਾਰ ਰਾਵਣ ਨਾਲ ਕਾਫੀ ਮਿਲਦਾ ਜੁਲਦਾ ਹੈ।
ਸਰਕਾਰੀ ਵਕੀਲ ਨੇ ਕਿਹਾ ਹੈ ਕਿ 6 ਦਸੰਬਰ ਨੂੰ ਮੀਡੀਆ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਅਦਾਕਾਰ ਨੇ ਕਿਹਾ ਸੀ ਕਿ "ਕਿਉਂਕਿ ਲਕਸ਼ਮਣ ਵੱਲੋਂ ਰਾਵਣ ਦੀ ਭੈਣ ਸੁਰਪਨਖਾ ਦੀ ਨੱਕ ਵੱਢ ਦਿੱਤੀ ਗਈ ਸੀ, ਇਸ ਲਈ ਇਹ ਉਚਿਤ ਹੈ ਕਿ ਰਾਵਣ ਨੇ ਸੀਤਾ ਨੂੰ ਅਗਵਾ ਕੀਤਾ ਸੀ।"
ਸੈਫ ਨੇ ਇੱਕ ਇੰਟਰਵਿਊ ਵਿੱਚ ਇਹ ਵੀ ਕਿਹਾ ਸੀ ਕਿ ਇਸ ਫਿਲਮ ਰਾਹੀਂ ਰਾਵਣ ਦਾ ਸੁਭਾਅ ਅਤੇ ਮਨੁੱਖੀ ਪੱਖ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਹਾਲਾਂਕਿ ਬਾਅਦ ਵਿੱਚ ਸੈਫ ਨੇ ਆਪਣੇ ਬਿਆਨ ਲਈ ਮੁਆਫੀ ਮੰਗੀ।
(ਇਨਪੁਟ - ਆਈਏਐਨਐਸ)