ਚੰਡੀਗੜ੍ਹ: ਇੱਕ ਵੇਲਾ ਸੀ ਜਦੋਂ ਪੰਜਾਬੀ ਗੀਤਾਂ 'ਚ ਵਿਰਸੇ ਦੀ ਝਲਕ ਵੇਖਣ ਨੂੰ ਮਿਲਦੀ ਸੀ। ਸੁਰਿੰਦਰ ਕੌਰ , ਪ੍ਰਕਾਸ਼ ਕੌਰ, ਨਰਿੰਦਰ ਬੀਬਾ ਇਨ੍ਹਾਂ ਦੇ ਗੀਤ ਅੱਜ ਵੀ ਲੋਕਾਂ ਦੇ ਜ਼ਹਨ ਦੇ ਵਿੱਚ ਤਾਜ਼ਾ ਨੇ, ਪਰ ਇਸ ਤੋਂ ਉਲਟ ਅੱਜ ਦਾ ਦੌਰ ਹੈ ਅੱਜ ਕੁਝ ਗੀਤਾਂ 'ਚ ਲੱਚਰਤਾ ਰੱਜ ਕੇ ਵੇਖਣ ਨੂੰ ਮਿਲਦੀ ਹੈ। ਇਸ ਦੀ ਤਾਜ਼ਾ ਉਦਹਾਰਨ ਮਸ਼ਹੂਰ ਗਾਇਕ ਹਨੀ ਸਿੰਘ ਦਾ ਗੀਤ ਮੱਖਣਾ ਹੈ। ਬੇਸ਼ਕ ਇਸ ਗੀਤ ਨੂੰ ਰਿਲੀਜ਼ ਹੋਏ ਸਮਾਂ ਹੋ ਗਿਆ ਹੈ ਪਰ ਇਸ ਗੀਤ ਨੂੰ ਲੈ ਕੇ ਵਿਵਾਦ ਹੁਣ ਸਾਹਮਣੇ ਆਇਆ ਹੈ।
ਮਨੀਸ਼ਾ ਗੁਲਾਟੀ ਨੇ ਇਸ ਗੀਤ ਵਿਰੁੱਧ ਐਫ਼ਆਈਆਰ ਦਰਜ ਕਰਵਾਈ ਹੈ ਕਿਉਂਕਿ ਇਸ ਗੀਤ ਦੇ ਵਿੱਚ ਔਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਅੱਜ ਮਨੀਸ਼ਾ ਗੁਲਾਟੀ ਨੇ ਪ੍ਰੈਸ ਵਾਰਤਾ ਕਰ ਉਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਛੇਤੀ ਹੀ ਹਨੀ ਸਿੰਘ ਪੁਲਿਸ ਹਿਰਾਸਤ 'ਚ ਹੋਣਗੇ। ਇਸ ਮਾਮਲੇ 'ਤੇ ਪੰਜਾਬੀ ਗੀਤਾਂ 'ਚ ਲੱਚਰਤਾ ਵਿਰੁੱਧ ਮੁਹਿੰਮ ਸ਼ੁਰੂ ਕਰਨ ਵਾਲੇ ਪੰਡਿਤ ਰਾਓ ਧਰੇਨਵਰ ਨੇ ਆਪਣੀ ਪ੍ਰਤੀਕੀਰਿਆ ਦਿੱਤੀ ਹੈ।
ਉਨ੍ਹਾਂ ਕਿਹਾ ਹੈ ਕਿ ਮਨੀਸ਼ਾ ਗੁਲਾਟੀ ਨੇ ਬਹੁਤ ਵੱਧੀਆ ਕਦਮ ਚੁੱਕਿਆ ਹੈ। ਪੰਡਿਤ ਧਰੇਨਵਰ ਨੇ ਇਹ ਵੀ ਅਪੀਲ ਕੀਤੀ ਹੈ ਕਿ ਹਨੀ ਸਿੰਘ ਖ਼ਿਲਾਫ਼ ਹੀ ਨਹੀਂ ਬਲਕਿ ਬਾਕੀ ਗਾਇਕ ਜੋ ਲੱਚਰਤਾ ਫ਼ੈਲਾਉਂਦੇ ਹਨ ਉਨ੍ਹਾਂ 'ਤੇ ਵੀ ਐਕਸ਼ਨ ਹੋਣਾ ਚਾਹੀਦਾ ਹੈ।