ਮੁੰਬਈ: ਅਦਾਕਾਰ ਕਬੀਰ ਬੇਦੀ ਨੇ ਰਾਸ਼ਟਰੀ ਪੁਰਸਕਾਰ ਜੇਤੂ ਸੰਗੀਤਕਾਰ ਵਨਰਾਜ ਭਾਟੀਆ ਲਈ ਦਾਨ ਕਰਨ ਦੀ ਅਪੀਲ ਕੀਤੀ। ਸੰਗੀਤਕਾਰ ਵਨਰਾਜ ਭਾਟੀਆ ਨੇ ਹਾਲ ਹੀ ਵਿੱਚ ਦੱਸਿਆ ਸੀ ਕਿ ਉਸ ਦੇ ਖਾਤੇ ਵਿੱਚ ਇੱਕ ਰੁਪਇਆ ਵੀ ਨਹੀਂ ਹੈ। ਹਾਲ ਹੀ ਵਿੱਚ ਕਬੀਰ ਬੇਦੀ ਵਨਰਾਜ ਭਾਟੀਆ ਨੂੰ ਮਿਲਣ ਗਏ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ।
ਹੋਰ ਪੜ੍ਹੋ: ਰਾਸ਼ਟਰੀ ਪੁਰਸਕਾਰ ਜੇਤੂ ਵਨਰਾਜ ਭਾਟੀਆ ਦੇ ਖਾਤੇ ਵਿੱਚ ਇੱਕ ਰੁਪਇਆ ਵੀ ਨਹੀਂ
ਕਬੀਰ ਨੇ ਟਵਿੱਟਰ 'ਤੇ ਲਿਖਿਆ,' ਮੈਂ ਕੱਲ੍ਹ ਵਨਰਾਜ ਭਾਟੀਆ ਨੂੰ ਮਿਲਿਆ ਸੀ। ਉਹ ਹਮੇਸ਼ਾ ਦੀ ਤਰ੍ਹਾ ਜ਼ਿੰਦਾ ਦਿਲ ਹਨ ਪਰ ਹਾਂ, ਸਾਰੇ ਦੋਸਤਾਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਵਨਰਾਜ ਭਾਟੀਆ ਨੂੰ 1988 ਵਿੱਚ ਗੋਵਿੰਦ ਨਿਹਲਾਨੀ ਦੀ ਫ਼ਿਲਮ 'ਤਮਸ' ਲਈ ਸਰਬੋਤਮ ਸੰਗੀਤ ਦਾ ਰਾਸ਼ਟਰੀ ਫ਼ਿਲਮ ਪੁਰਸਕਾਰ ਮਿਲਿਆ ਸੀ ਤੇ ਉਨ੍ਹਾਂ ਨੂੰ 2012 ਵਿੱਚ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
1974 ਵਿੱਚ ਆਈ ਫ਼ਿਲਮ 'ਅੰਕੁਰ' ਤੋਂ ਲੈ ਕੇ 1996 ਦੀ 'ਸਰਦਾਰੀ ਬੇਗਮ' ਤੱਕ ਵਨਰਾਜ ਭਾਟੀਆ, ਮਹਾਨ ਨਿਰਦੇਸ਼ਕ ਅਤੇ ਕਲਾਕਾਰ ਸ਼ਿਆਮ ਬੇਨੇਗਲ ਦੇ ਮਨਪਸੰਦ ਸੰਗੀਤਕਾਰ ਸਨ। ਦੋਹਾਂ ਨੇ 'ਮੰਥਨ', 'ਭੂਮਿਕਾ', 'ਜੁਨੂਨ', 'ਕਲਯੁਗ', 'ਮੰਡੀ', 'ਤ੍ਰਿਕਾਲ' ਅਤੇ 'ਸੂਰਜ ਕਾ ਸੱਤਵਾਂ ਘੋੜਾ' ਵਰਗੀਆਂ ਆਲੋਚਨਾਤਮਕ ਪ੍ਰਸ਼ੰਸਾ ਵਾਲੀਆਂ ਫ਼ਿਲਮਾਂ 'ਚ ਇਕੱਠੇ ਕੰਮ ਕੀਤਾ ਸੀ। ਸੰਨ 1989 ਵਿੱਚ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਜੇਤੂ ਵਨਰਾਜ ਭਾਟੀਆ ਨੇ ਲੰਡਨ ਦੀ ਰਾਇਲ ਅਕੈਡਮੀ ਆਫ਼ ਮਿਊਜ਼ਿਕ ਵੈਸਟਰਨ ਤੋਂ ਕਲਾਸੀਕਲ ਸੰਗੀਤ ਦੀ ਪੜ੍ਹਾਈ ਕੀਤੀ ਸੀ।