ਨਵੀਂ ਦਿੱਲੀ: ਫ਼ਿਲਮ ਨਿਰਮਾਤਾ ਗੁਨੀਤ ਮੋਂਗਾ ਦੀ ਡਾਕੂਮੈਂਟਰੀ 'ਪੀਰੀਅਡ.ਐਂਡ ਆਫ਼ ਸੇਂਟੇਂਸ' ਨੂੰ ਆਸਕਰ ਅਵਾਰਡ ਮਿਲਿਆ ਹੈ। ਗੁਨੀਤ ਮੋਂਗਾ ਨੂੰ ਅਵਾਰਡ ਮਿਲਣ 'ਤੇ ਫ਼ਿਲਮ ਨਿਰਦੇਸ਼ਕ ਅਨੁਰਾਗ ਕਸ਼ਿਅਪ ਅਤੇ ਸੰਗੀਤਕਾਰ ਏਆਰ ਰਹਿਮਾਨ ਨੇ ਵਧਾਈ ਦਿੱਤੀ ਹੈ।
ਗੁਨੀਤ ਮੋਂਗਾ ਦੀ ਇਹ ਫ਼ਿਲਮ ਉਨ੍ਹਾਂ ਔਰਤਾਂ ਦੀ ਕਹਾਣੀ ਹੈ ਜੋ ਮਹਾਵਾਰੀ ਨਾਲ ਜੁੜੀ ਰੂੜੀਵਾਦੀ ਸੋਚ ਵਿਰੁੱਧ ਆਵਾਜ਼ ਚੁੱਕਦੀਆਂ ਹਨ। ਇਹ ਫ਼ਿਲਮ ਮਹਾਵਾਰੀ ਸਮੇਂ ਔਰਤਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਅਤੇ ਪੈਡ ਉਪਲੱਬਧ ਨਾ ਹੋਣ ਨੂੰ ਲੈ ਕੇ ਬਣੀ ਹੋਈ ਹੈ।
ਦੱਸਣਯੋਗ ਹੈ ਕਿ ਇਸ ਡਾਕੂਮੈਂਟਰੀ ਦਾ ਨਿਰਦੇਸ਼ਨ ਰਾਇਕਾ ਜੇਹਤਾਬਚੀ ਨੇ ਕੀਤਾ ਹੈ ਅਤੇ ਭਾਰਤੀ ਨਿਰਮਾਤਾ ਗੁਨੀਤ ਮੋਂਗਾ ਦੀ ਸਿਖਿਆ ਐਂਟਰਟੇਨਮੈਂਟ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ।
ਭਾਰਤ ਲਈ ਆਸਕਰ ਦਾ ਇਹ ਵੇਲ਼ਾ ਇੱਕ ਦਹਾਕੇ ਬਾਅਦ ਆਇਆ ਹੈ। ਇਸ ਤੋਂ ਪਹਿਲਾਂ ਸੰਗੀਤਕਾਰ ਏਆਰ ਰਹਿਮਾਨ ਅਤੇ ਸਾਊਂਡ ਇੰਜੀਨੀਅਰ ਰਸੂਲ ਪੋਕੁੱਟੀ ਨੂੰ 'ਸਲਮਡਾਗ ਮਿਲੇਨਿਅਰ' ਲਈ 2009 'ਚ ਅਕਾਦਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।