ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਮਹਾਰਾਸ਼ਟਰ ਸਰਕਾਰ ਤੇ ਸ਼ਿਵ ਸੈਨਾ ਵਿਚਾਲੇ ਚੱਲ ਰਿਹਾ ਵਿਵਾਦ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਕੰਗਨਾ ਲਗਾਤਾਰ ਊਧਵ ਠਾਕਰੇ ਅਤੇ ਸ਼ਿਵ ਸੈਨਾ 'ਤੇ ਹਮਲਾ ਕਰ ਰਹੀ ਹੈ। ਇਸ ਸਭ ਦੇ ਵਿੱਚ ਈਟੀਵੀ ਭਾਰਤ ਦੀ ਟੀਮ ਨੇ ਕੰਗਨਾ ਰਣੌਤ ਦੀ ਸਕੂਲ ਪ੍ਰਿੰਸੀਪਲ ਡਾ. ਰਾਕੇਸ਼ ਸਚਦੇਵਾ ਨਾਲ ਖ਼ਾਸ ਗੱਲਬਾਤ ਕੀਤੀ।
ਇਸ ਮੌਕੇ ਕੰਗਨਾ ਰਣੌਤ ਦੀ ਪ੍ਰਿੰਸੀਪਲ ਡਾ. ਰਾਕੇਸ਼ ਸਚਦੇਵਾ ਨੇ ਕੰਗਨਾ ਦਾ ਚੰਡੀਗੜ੍ਹ ਦੇ ਡੀਏਵੀ ਸਕੂਲ ਵਿੱਚ ਮੈਡੀਕਲ ਵਿੱਚ ਦਾਖ਼ਲਾ ਲੈਣ ਤੋਂ ਬਾਅਦ ਬਾਲੀਵੁੱਡ ਤੱਕ ਪਹੁੰਚਣ ਬਾਰੇ ਦੱਸਦਿਆ ਕਿਹਾ ਕਿ ਕੰਗਨਾ ਰਣੌਤ ਆਪਣੇ ਸਕੂਲ ਵਿੱਚ ਕਾਫ਼ੀ ਜਨੂੰਨੀ, ਨੀਡਰ, ਸੱਚੀ ਅਤੇ ਸ਼ਰਮੀਲੀ ਕੁੜੀ ਸੀ। ਉਨ੍ਹਾਂ ਕਿਹਾ ਕਿ ਕੰਗਨਾ ਸ਼ੁਰੂ ਤੋਂ ਹੀ ਨੀਡਰ ਤੇ ਸੱਚ ਬੋਲਦੀ ਹੈ।
ਕੰਗਨਾ ਸ਼ੁਰੂ ਤੋਂ ਹੀ ਬੋਲਦੀ ਹੈ ਸੱਚ
ਕੰਗਨਾ ਰਣੌਤ ਦੀ ਪ੍ਰਿੰਸੀਪਲ ਡਾ. ਰਾਕੇਸ਼ ਸਚਦੇਵਾ ਨੇ ਕਿਹਾ ਕਿ ਕੰਗਨਾ ਉਨ੍ਹਾਂ ਕੋਲ 11ਵੀਂ ਜਮਾਤ ਵਿੱਚ ਆਈ ਸੀ, ਉਦੋਂ ਉਹ ਕਾਫ਼ੀ ਜਨੂੰਨੀ, ਸੱਚੀ ਅਤੇ ਸ਼ਰਮੀਲੀ ਕੁੜੀ ਸੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਕੰਗਨਾ ਨੂੰ ਡਾਕਟਰ ਬਣਨ ਬਾਰੇ ਪੁੱਛਿਆ ਤਾਂ ਉਸ ਨੇ ਸਾਫ਼ ਤੌਰ ਉੱਤੇ ਕਹਿ ਦਿੱਤਾ ਕਿ ਉਹ ਡਾਕਟਰ ਨਹੀਂ ਬਣ ਸਕਦੀ, ਉਹ ਅਦਾਕਾਰਾ ਬਣਨਾ ਚਾਹੁੰਦੀ ਹੈ। ਕੰਗਨਾ ਨੂੰ ਐਕਟਿੰਗ ਕਰਨਾ ਬੇਹੱਦ ਪਸੰਦ ਸੀ ਤੇ ਉਹ ਹੋਸਟਲ ਵਿੱਚ ਰਾਤ ਨੂੰ ਸ਼ਰਾਬੀ ਦੀ ਐਕਟਿੰਗ ਕਰਦੀ ਹੁੰਦੀ ਸੀ। ਉਨ੍ਹਾਂ ਕਿਹਾ ਕਿ ਅੱਜ ਕੰਗਨਾ ਜੋ ਕਹਿ ਰਹੀ ਹੈ, ਉਹ ਉਸ ਨੇ ਮਹਿਸੂਸ ਕੀਤਾ ਹੈ ਜਾਂ ਉਸ ਨਾਲ ਹੋਇਆ ਹੈ। ਇਸ ਕਰਕੇ ਹੀ ਉਹ ਇਸ ਮੁੱਦੇ ਉੱਤੇ ਬੋਲ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੱਚ ਵਿੱਚ ਬੜੀ ਤਾਕਤ ਹੁੰਦੀ ਹੈ ਤੇ ਸੱਚ ਕਦੇ ਹਾਰਦਾ ਨਹੀਂ ਹੈ।
ਰਾਜਨੀਤਕ ਸਮਰਥਨ ਬਿਨ੍ਹਾਂ ਨਹੀਂ ਸੰਭਵ ਇਹ ਵਿਵਾਦ
ਕੰਗਨਾ ਰਣੌਤ ਦੀ ਪ੍ਰਿੰਸੀਪਲ ਡਾ. ਰਾਕੇਸ਼ ਸਚਦੇਵਾ ਨੇ ਕਿਹਾ ਕਿ ਕੰਗਨਾ ਰਣੌਤ ਅੱਜ ਜੋ ਕੁਝ ਵੀ ਬੋਲ ਰਹੀ ਹੈ, ਇਹ ਸਭ ਕੁਝ ਬਿਨਾਂ ਸਮਰਥਨ ਦੇ ਸੰਭਵ ਨਹੀਂ ਹੈ। ਉਸ ਨੂੰ ਰਾਜਨੀਤਿਕ ਪੱਖੋਂ ਸਮਰਥਨ ਮਿਲ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਕੰਗਨਾ ਨੂੰ Y ਸਿਕਉਰਟੀ ਦਿੱਤੀ ਹੈ ਜੋ ਕਿ ਮਿਲਣੀ ਸੌਖੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਰਤ ਇੱਕ ਲੋਕਤੰਤਰਿਕ ਦੇਸ਼ ਹੈ, ਇੱਥੇ ਹਰ ਕਿਸੇ ਨੂੰ ਆਪਣੀ ਗੱਲ ਰਖਣ ਦਾ ਹੱਕ ਹੈ ਤੇ ਕੰਗਨਾ ਵੀ ਆਪਣੀ ਗੱਲ ਨੂੰ ਅੱਗੇ ਰੱਖ ਰਹੀ ਹੈ।
ਕੰਗਨਾ ਪ੍ਰਿੰਸੀਪਲ ਨੂੰ ਕਹਿੰਦੀ ਹੈ ਮੈਮ-ਕਮ-ਮੋਮ
ਪ੍ਰਿੰਸੀਪਲ ਡਾ.ਰਾਕੇਸ਼ ਸਚਦੇਵਾ ਨੇ ਕਿਹਾ ਕਿ ਕੰਗਨਾ ਉਨ੍ਹਾਂ ਨੂੰ ਮੈਮ-ਕਮ-ਮੋਮ ਕਹਿੰਦੀ ਹੈ। ਕੰਗਨਾ ਦਾ ਉਨ੍ਹਾਂ ਨਾਲ ਬਹੁਤ ਹੀ ਪਿਆਰਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਅਧਿਆਪਕ ਦਿਵਸ ਉੱਤੇ ਕੰਗਨਾ ਨੇ ਸਭ ਤੋਂ ਪਹਿਲਾ ਉਨ੍ਹਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੌਤ ਦੀ ਪਹਿਲੀ ਗੈਂਗਸਟਰ ਫ਼ਿਲਮ ਰਿਲੀਜ਼ ਹੋਣ ਉੱਤੇ ਉਹ ਚੰਡੀਗੜ੍ਹ ਤੋਂ ਬੌਂਬੇ ਵਧਾਈ ਦੇਣ ਲਈ ਗਏ ਸਨ। ਇਸ ਦੌਰਾਨ ਕੰਗਨਾ ਫੈਸ਼ਨ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ ਤੇ ਉਨ੍ਹਾਂ ਨੇ ਕੰਗਨਾ ਨੂੰ ਦਿਨ-ਰਾਤ ਮਿਹਨਤ ਕਰਦੇ ਦੇਖਿਆ ਹੈ। ਉਸ ਨੇ ਖੂਨ ਪਸੀਨੇ ਦੀ ਕਮਾਈ ਨਾਲ ਆਪਣਾ ਦਫ਼ਤਰ ਤੇ ਘਰ ਬਣਾਇਆ ਸੀ, ਜਿਸ ਨੂੰ ਮਹਾਰਾਸ਼ਟਰ ਸਰਕਾਰ ਨੇ ਚੰਦ ਮਿੰਟਾਂ ਵਿੱਚ ਤੋੜ ਦਿੱਤਾ।
ਬਾਲੀਵੁੱਡ ਇੰਡਸਟਰੀ 'ਚ ਅਨੁਪਮ ਖੇਰ ਨੇ ਦਿੱਤਾ ਕੰਗਨਾ ਦਾ ਸਾਥ
ਡਾ. ਰਾਕੇਸ਼ ਸਚਦੇਵਾ ਨੇ ਕਿਹਾ ਕਿ ਬਾਲੀਵੁੱਡ ਇੰਡਸਟਰੀ ਵਿੱਚ ਕਿਸੇ ਵੀ ਨਾਮੀ ਕਲਾਕਾਰ ਨੇ ਹੁਣ ਤੱਕ ਕੰਗਨਾ ਰਣੌਤ ਦੇ ਹੱਕ ਵਿੱਚ ਆਵਾਜ਼ ਬੁਲੰਦ ਨਹੀਂ ਕੀਤੀ ਸਿਵਾਏ ਅਨੁਪਮ ਖੇਰ ਅਤੇ ਗਾਇਕ ਦਲੇਰ ਮਹਿੰਦੀ। ਉਨ੍ਹਾਂ ਵੱਲੋਂ ਹੀ ਹੁਣ ਤੱਕ ਕੰਗਨਾ ਰਣੌਤ ਦੀ ਹਮਾਇਤ ਕੀਤੀ ਗਈ ਹੈ। ਪ੍ਰਿੰਸੀਪਲ ਸਚਦੇਵਾ ਨੇ ਕਿਹਾ ਕਿ ਜਦੋਂ ਤੁਹਾਡੇ ਦਿਨ ਚੰਗੇ ਚੱਲ ਰਹੇ ਹੁੰਦੇ ਹਨ ਤਾਂ ਹਰ ਕੋਈ ਤੁਹਾਡੇ ਨਾਲ ਖੜ੍ਹਾ ਹੁੰਦਾ ਤੇ ਬੁਰੇ ਵਕਤ ਵਿੱਚ ਕੋਈ-ਕੋਈ ਹੀ ਨਾਲ ਖੜ੍ਹਦਾ ਹੈ ਪਰ ਕੰਗਨਾ ਦਾ ਸਮਾਂ ਜ਼ਰੂਰ ਬਦਲੇਗਾ।
ਪ੍ਰਿੰਸੀਪਲ ਸਚਦੇਵਾ ਨੇ ਆਸ਼ੀਰਵਾਦ ਦਿੰਦਿਆਂ ਕੰਗਨਾ ਨੂੰ ਕਿਹਾ ਕਿ ਜਿਸ ਤਰੀਕੇ ਨਾਲ ਉਸ ਨੇ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ, ਉਸੇ ਤਰੀਕੇ ਨਾਲ ਉਹ ਸੱਚ ਬੋਲਦੀ ਰਹੇ ਤੇ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਰ ਆਵਾਜ਼ ਬੁਲੰਦ ਕਰਦੀ ਰਹੇ।