ਨਵੀਂ ਦਿੱਲੀ: ਭਾਰਤ ਤੇਜ਼ੀ ਨਾਲ ਤਰੱਕੀ ਦੇ ਰਾਹ ਵੱਲ ਵੱਧ ਰਿਹਾ ਹੈ। ਭਾਰਤ ਨੇ ਤਕਨੀਕੀ ਪੱਧਰ ਉੱਤੇ ਵੀ ਕਾਫ਼ੀ ਤਰੱਕੀ ਕੀਤੀ ਹੈ। ਇੱਕ ਰਿਪੋਰਟ ਮੁਤਾਬਕ, 68 ਫੀਸਦੀ ਭਾਰਤੀਆਂ ਕੋਲ ਇਸ ਵੇਲ੍ਹੇ ਨਵੀਆਂ ਤਕਨੀਕਾਂ ਆ ਚੁੱਕੀਆਂ ਹਨ, ਪਰ ਉਹ ਡਿਵਾਈਸਿਜ਼ ਜਿਨ੍ਹਾਂ ਉੱਤੇ ਡਿਜ਼ੀਟਲ ਅਸਿਸਟੈਂਟ ਕੰਮ ਕਰਦਾ ਹੈ ਇਨ੍ਹਾਂ ਭਾਰਤੀਆਂ ਲਈ ਮਾਰੂ ਸਿੱਧ ਹੋ ਰਹੀਆਂ ਹਨ।
ਕਲਾਊਡ ਸਰਵਿਸਿਜ਼ ਦੇਣ ਵਾਲੇ ਯੂਐੱਸ ਦੇ ਲਾਈਮਲਾਈਟ ਨੈੱਟਵਰਕ ਦੀ ਸਟੇਟ ਆਫ਼ ਡਿਜ਼ੀਟਲ ਲਾਈਫ਼ਸਟਾਈਲ ਰਿਪੋਰਟ ਮੁਤਾਬਕ, 69 ਫੀਸਦੀ ਭਾਰਤੀ ਮੰਨਦੇ ਹਨ ਕਿ ਤਕਨੀਕ ਨੇ ਉਨ੍ਹਾਂ ਦੀ ਜ਼ਿੰਦਗੀ ਕਾਫ਼ੀ ਸੁਧਾਰ ਦਿੱਤੀ ਹੈ। ਅਜਿਹਾ ਮੰਨਣ ਵਾਲੇ ਵਿਅਕਤੀਆਂ ਦਾ ਅੰਕੜਾ ਯੂਐੱਸ ਵਿੱਚ ਭਾਰਤੀਆਂ ਨਾਲੋਂ ਅੱਧਾ ਹੈ।
ਰਿਪੋਰਟ ਮੁਤਾਬਕ, ਜਿਵੇਂ-ਜਿਵੇਂ ਸਮਾਰਟਫੋਨ ਲੋਕਾਂ ਤੱਕ ਪਹੁੰਚ ਰਹੇ ਹਨ, ਲੋਕ ਇਸਦੇ ਆਦੀ ਹੁੰਦੇ ਜਾ ਰਹੇ ਹਨ। ਇੱਥੋਂ ਤੱਕ ਕਿ 86 ਫੀਸਦੀ ਭਾਰਤੀਆਂ ਨੇ ਇਹ ਗੱਲ ਕਬੂਲੀ ਹੈ ਕਿ ਉਹ ਇੱਕ ਦਿਨ ਤੋਂ ਜ਼ਿਆਦਾ ਸਮਾਰਟਫੋਨ ਤੋਂ ਦੂਰ ਨਹੀਂ ਰਹਿ ਸਕਦੇ। ਸਿਰਫ਼ 4 ਫੀਸਦੀ ਲੋਕ ਹੀ ਸਮਾਰਟਫੋਨ ਦੀ ਵਰਤੋਂ ਨੂੰ ਹਮੇਸ਼ਾ ਲਈ ਛੱਡਣਾ ਚਾਹੁੰਦੇ ਹਨ।
ਭਾਰਤੀ ਸਮਾਰਟਫੋਨ ਤੋਂ ਇਲਾਵਾ ਆਪਣੇ ਕੰਪਿਊਟਰ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਕਰ ਸਕਦੇ। 23 ਫੀਸਦੀ ਭਾਰਤੀਆਂ ਦਾ ਕਹਿਣਾ ਹੈ ਕਿ ਉਹ ਸਿਰਫ਼ 1 ਦਿਨ ਲਈ ਹੀ ਆਪਣੇ ਕੰਪਿਊਟਰ ਤੋਂ ਦੂਰ ਰਹਿ ਸਕਦੇ ਹਨ।
ਸਮਾਰਟਫੋਨ ਅਤੇ ਕੰਪਿਊਟਰ ਉੱਤੇ ਆਨਲਾਈਨ ਕੰਮ ਕਰਨਾ ਵੀ ਕਿਸੇ ਖ਼ਤਰੇ ਤੋਂ ਖਾਲੀ ਨਹੀਂ ਹੈ। ਆਨਲਾਈ ਫ੍ਰਾਡ ਅਤੇ ਠੱਗੀ ਕਾਫ਼ੀ ਵੱਧ ਗਈ ਹੈ। ਲਗਭਗ 61 ਫੀਸਦੀ ਭਾਰਤੀਆਂ ਦਾ ਮੰਨਣਾ ਹੈ ਕਿ ਉਹ ਆਪਣੀ ਨਿਜੀ ਜਾਣਕਾਰੀ ਦੀ ਚੋਰੀ ਨੂੰ ਲੈ ਕੇ ਹਮੇਸ਼ਾ ਖ਼ਤਰਾ ਮਹਿਸੂਸ ਕਰਦੇ ਹਨ।
ਜੇ ਡਿਜ਼ੀਟਲ ਅਸਿਸਟੈਂਟ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਵਰਤੋਂ ਦੌਰਾਨ 46 ਫੀਸਦੀ ਭਾਰਤੀਆਂ ਨੇ ਡਾਟਾ ਪ੍ਰਾਈਵੇਸੀ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਉੱਥੇ ਹੀ 52 ਫੀਸਦੀ ਭਾਰਤੀ ਡਿਜ਼ੀਟਲ ਮਿਊਜ਼ਿਕ ਸੁਣਦੇ ਹਨ, 41 ਫੀਸਦੀ ਭਾਰਤੀ ਆਨਲਾਈਨ ਫਿਲਮਾਂ/ਟੀਵੀ ਸ਼ੋਅ ਵੇਖਦੇ ਜਾਂ ਡਾਊਨਲੋਡ ਕਰਦੇ ਹਨ।
ਰਿਪੋਰਟ ਅਨੁਸਾਰ, ਦੋ-ਤਿਹਾਈ ਭਾਰਤੀ(67.2 ਫੀਸਦੀ) ਆਨਲਾਈਨ ਸ਼ੋਪਿੰਗ ਨੂੰ ਪਹਿਲ ਦਿੰਦੇ ਹਨ। ਲਗਭਗ 90 ਫੀਸਦੀ ਭਾਰਤੀਆਂ ਨੇ ਡਿਜ਼ੀਟਲ ਕਾਨਟੈਂਟ ਨੂੰ ਬੋਰੀਅਤ ਭਰਿਆ ਦੱਸਿਆ ਹੈ। ਪਰ, 88 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ 5ਜੀ ਆਉਣ ਨਾਲ ਡਾਊਨਲੋਡਿੰਗ ਦੀ ਸਪੀਡ ਵਧੇਗੀ। ਇਹ ਰਿਪੋਰਟ ਭਾਰਤ, ਫਰਾਂਸ, ਜਰਮਨੀ, ਇਟਲੀ, ਜਾਪਾਨ, ਸਿੰਗਾਪੁਰ, ਸਾਊਥ ਕਾਰੀਆ, ਯੂਕੇ ਅਤੇ ਯੂਐੱਸ ਦੇ 4500 ਲੋਕਾਂ ਦੇ ਵਿਚਾਰ ਲੈਣ ਤੋਂ ਬਾਅਦ ਬਣਾਈ ਗਈ ਹੈ।