ਅੰਮ੍ਰਿਤਸਰ: ਸ਼ਹਿਰ ਪਿੰਡ ਕਾਲੇ 'ਚ ਧੀ ਜੰਮਣ 'ਤੇ ਸਹੁਰੇ ਪਰਿਵਾਰ ਵੱਲੋਂ ਇੱਕ ਵਿਅਹੁਤਾ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਹੁਰੇ ਪਰਿਵਾਰ ਉੱਤੇ ਪਹਿਲਾਂ ਵੀ ਮ੍ਰਿਤਕਾ ਨੂੰ ਤੰਗ ਤੇ ਪਰੇਸ਼ਾਨ ਕਰਨ ਦੇ ਦੋਸ਼ ਲੱਗੇ ਹਨ।
ਮ੍ਰਿਤਕਾ ਦੀ ਪਛਾਣ ਲਵਲੀ ਵਜੋਂ ਹੋਈ ਹੈ। ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਸਾਲ 2011 ਉਨ੍ਹਾਂ ਦੀ ਭੈਣ ਲਵਲੀ ਦਾ ਵਿਆਹ ਪਿੰਡ ਕਾਲੇ ਦੇ ਤੇਜਿੰਦਰ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਇੱਕ ਸਾਲ ਬਾਅਦ ਹੀ ਮ੍ਰਿਤਕਾ ਦੇ ਸਹੁਰੇ ਪਰਿਵਾਰ ਦੇ ਲੋਕ ਉਸ ਨੂੰ ਦਾਜ ਅਤੇ ਬੱਚਾ ਨਾ ਹੋਣ ਕਾਰਨ ਤੰਗ ਕਰਨ ਲੱਗੇ ਸਨ।
5-6 ਸਾਲਾਂ ਬਾਅਦ ਉਸ ਦੇ ਘਰ ਧੀ ਪੈਦਾ ਹੋਈ। ਮ੍ਰਿਤਕਾ ਦੇ ਸਹੁਰੇ ਪਰਿਵਾਰ ਦੇ ਲੋਕ ਧੀ ਪੈਦਾ ਹੋਣ ਤੋਂ ਖੁਸ਼ ਨਹੀਂ ਸੀ। ਸਹੁਰਾ ਪਰਿਵਾਰ ਵੱਲੋਂ ਉਸ 'ਤੇ ਲਗਾਤਾਰ ਤਸ਼ਦੱਦ ਜਾਰੀ ਸੀ, ਇਸ ਦੌਰਾਨ ਉਸ ਦੇ ਪਤੀ ਨੇ ਮੁੜ ਧੀ ਹੋਣ ਦੇ ਸ਼ੱਕ 'ਚ 2 ਵਾਰ ਉਸ ਦਾ ਗਰਭਪਾਤ ਵੀ ਕਰਵਾ ਦਿੱਤਾ। ਉਸ ਦੇ ਸਹੁਰਿਆਂ ਨੇ ਸਾਜਿਸ਼ ਰੱਚ ਕੇ ਵਿਆਹੁਤਾ ਦਾ ਕਤਲ ਕਰ ਦਿੱਤਾ ਤੇ ਉਸ ਦੇ ਪੇਕੇ ਪਰਿਵਾਰ ਸਣੇ ਹੋਰਨਾਂ ਲੋਕਾਂ ਨੂੰ ਦੱਸਿਆ ਕਿ ਲਵਲੀ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ।
ਜਦ ਸਹੁਰੇ ਪਰਿਵਾਰ ਵੱਲੋਂ ਲਵਲੀ ਦੇ ਅੰਤਮ ਸਸਕਾਰ ਕੀਤੇ ਜਾਣ ਦੀ ਜਾਣਕਾਰੀ ਉਨ੍ਹਾਂ ਨੂੰ ਮਿਲੀ ਤਾਂ ਉਹ ਉਥੇ ਪੁੱਜੇ। ਲਵਲੀ ਦੇ ਪੇਕੇ ਪਰਿਵਾਰ ਨੇ ਸ਼ੱਕ ਜ਼ਾਹਰ ਕਰਦਿਆਂ ਉਸ ਦਾ ਪੋਸਟਮਾਰਮ ਕਰਵਾਉਣ ਦੀ ਮੰਗ ਕੀਤੀ। ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਪੁਲਿਸ ਨੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਇਸ ਬਾਰੇ ਦੱਸਦੇ ਹੋਏ ਐਸਐਚਓ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮ੍ਰਿਤਕਾ ਦੀ ਪੋਸਟਮਾਰਟਮ ਰਿਪੋਰਟ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕਾ ਦੇ ਪਤੀ ਸਣੇ ਸਹੁਰੇ ਪਰਿਵਾਰ ਦੇ ਹੋਰਨਾਂ ਮੈਂਬਰਾ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਉਨ੍ਹਾਂ ਖਿਲਾਫ ਕਾਰਵਾਈ ਜਾਰੀ ਹੈ।