ਤਰਨ ਤਾਰਨ :ਜ਼ਿਲ੍ਹੇ ਦੇ ਚੌਂਕ ਭਾਨ ਸਿੰਘ ਵਿਖੇ ਅਣਪਛਾਤੇ ਲੋਕਾਂ ਵੱਲੋਂ ਇੱਕ ਬਜ਼ੁਰਗ ਮਹਿਲਾ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਮਹਿਲਾ ਦੇ ਕਤਲ ਦੀ ਖ਼ਬਰ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਮ੍ਰਿਤਕਾ ਦੀ ਪਛਾਣ 75 ਸਾਲਾ ਸਵਿੰਦਰ ਕੌਰ ਵਜੋਂ ਹੋਈ ਹੈ। ਮ੍ਰਿਤਕਾ ਦੀ ਧੀ ਕੁਲਦੀਪ ਕੌਰ ਨੇ ਦੱਸਿਆ ਕਿ ਉਹ ਆਪਣੇ ਭਰਾ ਤੇ ਮਾਂ ਨਾਲ ਚੌਂਕ ਭਾਨ ਸਿੰਘ ਨੇੜੇ ਪੈਂਦੇ ਬਜ਼ਾਰ 'ਚ ਰਹਿੰਦੀ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ। ਜਦ ਉਹ ਸ਼ਾਮ ਨੂੰ ਪਰਤੇ ਤਾਂ ਉਨ੍ਹਾਂ ਦੋਹਾਂ ਨੇ ਖੂਨ ਨਾਲ ਲਥਪਥ ਮਾਂ ਦੀ ਲਾਸ਼ ਵੇਖੀ। ਉਨ੍ਹਾਂ ਨੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ। ਉਨ੍ਹਾਂ ਮਾਂ ਦੇ ਕਤਲ ਲਈ ਆਪਣੀ ਭੈਣ ਦੇ ਪੁੱਤਰ 'ਤੇ ਸ਼ੱਕ ਜ਼ਾਹਿਰ ਕੀਤਾ ਹੈ। ਉਸ ਨੇ ਕਿਹਾ ਕਿ ਉਸ ਦੀ ਭੈਣ ਦੇ ਪੁੱਤਰ ਦਾ ਉਨ੍ਹਾਂ ਨਾਲ ਪੈਸੇ ਦੇ ਲੈਣ -ਦੇਣ ਨੂੰ ਲੈ ਕੇ ਕੋਈ ਝਗੜਾ ਹੋਇਆ ਸੀ। ਉਥੇ ਹੀ ਦੂਜੇ ਪਾਸੇ ਇਲਾਕਾ ਵਾਸੀਆਂ ਵੱਲੋਂ ਲੁੱਟ-ਖੋਹ ਦਾ ਖਦਾਸ਼ਾ ਤੇ ਪਰਿਵਾਰ ਵਿਚਾਲੇ ਜ਼ਮੀਨੀ ਵਿਵਾਦ ਸਬੰਧੀ ਗੱਲਾਂ ਦੱਸਿਆਂ ਗਈਆਂ।
ਘਟਨਾ ਦੀ ਜਾਂਚ ਕਰਨ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਬਜ਼ੁਰਗ ਮਹਿਲਾ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਇਸ ਤੋਂ ਇਲਾਵਾ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਸ਼ਿਕਾਇਤ ਦਰਜ ਕਰ ਲਈ ਗਈ ਹੈ। ਸ਼ੱਕੀ ਮੁਲਜ਼ਮਾਂ ਤੇ ਇਲਾਕੇ ਦੇ ਸੀਸੀਟੀਵੀ ਫੁਟੇਜ ਆਦਿ ਨੂੰ ਕਬਜ਼ੇ 'ਚ ਲੈ ਜਾਂਚ ਦੀ ਗੱਲ ਕਹੀ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਲੁੱਟ -ਖੋਹ ਤੇ ਕਤਲ ਮਾਮਲੇ ਤਹਿਤ ਕੀਤੀ ਜਾ ਰਹੀ ਹੈ।