ਮਾਨਸਾ: ਪੁਲਿਸ ਨੇ ਇੱਕ ਕੌਮਾਂਤਰੀ ਨਸ਼ਾ ਤਸਕਰਾਂ ਦੇ ਭਗੌੜੇ ਸਾਥੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਪਟਿਆਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ੳੇੁਸ ਦੇ ਸਾਥੀਆਂ ਸਮੇਤ ਕਾਬੂ ਕੀਤਾ ਹੈ। ਭਗੌੜਾ 2014 ਤੋਂ ਐੱਨਡੀਪੀਐਸ ਐਕਟ ਅਧੀਨ ਫਰਾਰ ਚੱਲ ਰਿਹਾ ਸੀ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਤੋਂ ਭਾਰੀ ਮਾਤਰਾ ਵਿੱਚ ਅਸਲਾ, ਜਾਅਲੀ ਪਾਸਪੋਰਟ ਅਤੇ ਅਧਾਰ ਕਾਰਡ ਬਰਾਮਦ ਕੀਤੇ ਹਨ।
ਪੁਲਿਸ ਅਨੁਸਾਰ ਫੜ੍ਹੇ ਗਏ ਇਨ੍ਹਾਂ ਮੁਜ਼ਲਮਾਂ ਕੋਲੋਂ 32 ਬੋਰ ਦਾ ਇੱਕ ਪਿਸਟਲ ਅਤੇ 14 ਜਿੰਦਾ ਕਾਰਤੂਸ, 30 ਬੋਰ ਦੀ ਇੱਕ ਰਾਇਫਲ ਅਤੇ 12 ਜਿੰਦਾ ਕਾਰਤੂਸ, 12 ਬੋਰ ਬੰਦੂਕ ਦੇ ਅਤੇ ਜਾਅਲੀ ਪਾਸਪੋਰਟ ਤੇ ਆਧਾਰ ਕਾਰਡ ਬਰਾਮਦ ਕੀਤੇ ਹਨ। ਪੁਲਿਸ ਨੇ ਇਨ੍ਹਾਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਮਾਨਸਾ ਪੁਲਿਸ ਦੀ ਟੀਮ ਨੇ ਹਾਈ ਪ੍ਰੋਫਾਇਲ ਡਰੱਗ ਕੇਸ ਦਾ ਭਗੌੜਾ ਕਾਬੂ ਕੀਤਾ ਹੈ। ਜਿਸ ਦਾ ਨਾਂਅ ਹਰਪ੍ਰੀਤ ਸਿੰਘ ਹੈ। ਉਨ੍ਹਾਂ ਦੱਸਿਆ ਕਿ ਇਹ ਆਪਣੀ ਜਾਅਲੀ ਪਛਾਣ ਰਾਖੀ ਉਰਫ਼ ਰੁਪਿੰਦਰ ਦੇ ਨਾਂਅ 'ਤੇ ਬਣਾ ਕੇ ਰਹਿ ਰਿਹਾ ਸੀ ਅਤੇ ਇਹ ਫ਼ਤਹਿਗੜ੍ਹ ਸਾਹਿਬ ਤੋਂ 2013 ਦੇ ਮਾਮਲੇ ਵਿੱਚ 6 ਸਾਲ ਤੋਂ ਭਗੌੜਾ ਸੀ। ਉਨ੍ਹਾਂ ਨੇ ਦੱਸਿਆ ਕਿ 2014 ਵਿੱਚ ਜਦੋਂ ਇਹ ਪੈਰੋਲ ਜੰਪ ਕਰ ਗਿਆ ਤਾਂ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਇਸ ਉੱਤੇ ਇੱਕ ਹੋਰ ਮੁਕੱਦਮਾ ਦਰਜ ਕੀਤਾ ਅਤੇ ਦੋਹਾਂ ਮਾਮਲਿਆਂ ਵਿੱਚ ਇਹ ਲੋੜੀਦਾ ਸੀ।
ਐਸਐਸਪੀ ਨੇ ਕਿਹਾ ਕਿ ਇਸ ਕੋਲੋਂ 10 ਕਿੱਲੋ ਇੰਟੋਕਸੀਕੇਟਿਡ ਪਾਊਡਰ ਬਰਾਮਦ ਹੋਇਆ ਸੀ ਅਤੇ ਇਸ ਉੱਤੇ ਭਾਰੀ ਮਾਤਰਾ ਵਿੱਚ ਡਰੱਗ ਰਿਕਵਰੀ ਦੇ ਦੋਸ਼ ਲੱਗੇ ਸਨ ਅਤੇ ਇਸਦੇ ਸਾਥੀਆਂ ਨੂੰ 10-10 ਸਾਲ ਦੀ ਸਜਾ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਹਾਈ ਪ੍ਰੋਫਾਇਲ ਜਗਦੀਸ਼ ਭੋਲਾ ਡਰੱਗ ਕੇਸ ਨਾਲ ਸੰਬੰਧਿਤ ਹੈ ਅਤੇ 2014 ਤੋਂ ਇਹ ਆਪਣੀ ਪਹਿਚਾਣ ਛੁਪਾ ਕੇ ਚੰਡੀਗੜ ਅਤੇ ਉਸ ਦੇ ਆਸ-ਪਾਸ ਦੇ ਇਲਾਕੇ ਵਿੱਚ ਰਹਿ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਹ ਵਿਅਕਤੀ ਝਗੜੇ ਵਾਲੀਆਂ ਜ਼ਮੀਨਾਂ ਅਤੇ ਹੋਰ ਸ਼ੱਕੀ ਕੰਮ-ਕਾਜ ਕਰਦਾ ਸੀ।
ਲਾਂਬਾ ਨੇ ਦੱਸਿਆ ਕਿ ਪੁੱਛਗਿੱਛ ਜਾਰੀ ਹੈ, ਜਿਸ ਵਿੱਚ ਨਸ਼ੇ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਦਾ ਕੰਮ ਸਾਹਮਣੇ ਆ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਲੋਕਾਂ ਕੋਲੋਂ 2 ਗ਼ੈਰ-ਕਾਨੂੰਨੀ ਹਥਿਆਰ, 32 ਬੋਰ-30 ਬੋਰ ਅਤੇ 12 ਬੋਰ ਦੇ ਕਾਰਤੂਸ, ਜਾਅਲੀ ਪਾਸਪੋਰਟ ਤੇ ਆਧਾਰ ਕਾਰਡ ਬਰਾਮਦ ਕੀਤੇ ਹਨ।